ਜਲੰਧਰ, 10 ਜੂਨ (ਲਖਵਿੰਦਰ ਸਿੰਘ ਲੱਕੀ / ਰੀਨਾ ਸ਼ਰਮਾ): ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਕਾਰਨ ਸੋਹਲ ਜਗੀਰ (ਸ਼ਾਹਕੋਟ) ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ । ਬੀਤੀ ਰਾਤ ਸਾਢੇ ਨੌਂ ਵਜੇ ਇਕ ਮਾਂ ਨੇ ਅਪਣੇ ਛੇ ਸਾਲ ਦੇ ਇਕਲੌਤੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ। ਮਿ੍ਰਤਕ ਅਰਸ਼ਦੀਪ ਸਿੰਘ ਬੁਲੰਦਪੁਰੀ ਨਾਨਕਸਰ ਸਕੂਲ ਵਿਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਸੱਸ ਨਾਲ ਲੜ ਕੇ ਗੁੱਸੇ ਵਿਚ ਆਈ ਕੁਲਵਿੰਦਰ ਨੇ ਅਪਣੇ ਪੁੱਤਰ ਨੂੰ ਕਤਲ ਕਰਨ ਤੋਂ ਬਾਅਦ ਆਪ ਵੀ ਮਕਾਨ ਦੀ ਛੱਤ ਤੋਂ ਛਾਲ ਮਾਰ ਦਿਤੀ ਤੇ ਹੁਣ ਉਹ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹੈ।
ਪੁਲਿਸ ਨੂੰ ਲਿਖਵਾਏ ਅਪਣੇ ਬਿਆਨ ਵਿਚ ਮਿ੍ਰਤਕ ਦੇ ਦਾਦੇ ਅਵਤਾਰ ਸਿੰਘ ਦਸਿਆ ਕਿ ਬੀਤੀ ਰਾਤ ਸਾਢੇ ਨੌਂ ਵਜੇ ਕੁਲਵਿੰਦਰ ਕੌਰ ਅਤੇ ਅਰਸ਼ਪ੍ਰੀਤ ਸਿੰਘ ਦੋਨੋ ਕਮਰੇ ਦੇ ਅੰਦਰ ਸਨ ਤਾਂ ਕਮਰੇ ਅੰਦਰੋਂ ਅਰਸ਼ਪ੍ਰੀਤ ਦੀਆਂ ਚੀਕਾਂ ਸੁਣ ਕੇ ਜਦ ਅਸੀ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ ਤਾਂ ਦੇਖਿਆ ਕਿ ਕੁਲਵਿੰਦਰ ਕੌ ਰ ਦੇ ਹੱਥ ਵਿਚ ਸਬਜ਼ੀ ਕੱਟਣ ਵਾਲਾ ਚਾਕੂ ਫੜਿਆ ਹੋਇਆ ਸੀ ਤੇ ਅਰਸ਼ਪ੍ਰੀਤ ਸਿੰਘ ਕਮਰੇ ਅੰਦਰ ਬੈਡ ਉਪਰ ਖ਼ੂਨ ਨਾਲ ਲੱਥਪਥ ਪਿਆ ਹੋਇਆ ਸੀ।
ਕੁਲਵਿੰਦਰ ਉਚੀ-ਉਚੀ ਬੋਲ ਰਹੀ ਸੀ ਕਿ ਮੈਂ ਇਸ ਨੂੰ ਮਾਰ ਦਿਤਾ ਹੈ ਤੇ ਚਾਕੂ ਲੈ ਕੇ ਉਹ ਪੌੜੀਆਂ ਰਾਹੀਂ ਉਪਰ ਚੱਲੀ ਗਈ। ਅਵਤਾਰ ਸਿੰਘ ਨੇ ਦਸਿਆ ਕਿ ਪਿੰਡ ਦੇ ਕੁਝ ਪਤਵੰਤਿਆਂ ਨਾਲ ਲੈ ਕੇ ਅਰਸ਼ਪ੍ਰੀਤ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਨਕੋਦਰ ਸਿਵਲ ਹਸਪਤਾਲ ਜਾ ਰਹੇ ਸੀ ਤਾਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਕੁਲਵਿੰਦਰ ਕੌਰ ਨੇ ਅਪਣੇ ਪੁੱਤਰ ਨੂੰ ਮਾਰ ਕੇ ਆਪ ਵੀ ਮਰਨ ਲਈ ਛੱਤ ਉਪਰੋਂ ਛਾਲ ਮਾਰ ਦਿਤੀ ਜੋ ਇਸ ਵੇਲੇ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।