ਕੇਂਦਰ ਸਰਕਾਰ ਘੱਟਗਿਣਤੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਬੰਦ ਕਰੇ: ਸ਼ੈਲਿੰਦਰ ਸਿੰਘ ਸ਼ੰਮੀ
ਕਿਹਾ, ਮੋਦੀ ਸਰਕਾਰ 'ਚ ਘੱਟਗਿਣਤੀ ਭਾਈਚਾਰਿਆਂ ਦੇ ਲੋਕ ਖ਼ੌਫ਼ਜ਼ਦਾ
ਨਵੀਂ ਦਿੱਲੀ, 10 ਜੂਨ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਸ. ਸ਼ੈਲਿੰਦਰ ਸਿੰਘ ਸ਼ੰਮੀ ਤ੍ਰੀਨਗਰ ਨੇ ਕਿਹਾ ਕਿ ਦੇਸ਼ ਦੇ ਕੇਂਦਰ ਵਿਚ ਆਉਣ ਵਾਲੀ ਹਰੇਕ ਸਰਕਾਰ ਵਲੋਂ ਭਾਰਤ ਦੇ ਅਜ਼ਾਦ ਹੋਣ ਤੋਂ ਲੈ ਕੇ ਅੱਜ ਤੱਕ ਦੇਸ਼ ਦੀਆਂ ਘੱਟ ਗਿਣਤੀਆਂ ਦੀਆਂ ਕੌਮਾਂ 'ਤੇ ਬੜੇ ਯੋਜਨਾਬੱਧ ਢੰਗ ਨਾਲ ਬਹੁਤ ਵੱਡੇ ਪੱਧਰ 'ਤੇ ਜ਼ਬਰ, ਜ਼ੁਲਮ ਤੇ ਵਿਤਕਰਾ ਕੀਤਾ ਜਾਂਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਰ.ਐਸ.ਐਸ ਦੇ ਰਹਿਮੋ ਕਰਮ ਤੇ ਇਸਾਰੇ ਤੇ ਬਣੀ ਮੋਦੀ ਸਰਕਾਰ ਨੇ ਜਦੋਂ ਤੋਂ ਸਤਾ ਸੰਭਾਲੀ ਹੈ ਉਸ ਵੇਲੇ ਤੋਂ ਘੱਟ ਗਿਣਤੀਆਂ ਨਾਲ ਕੁਝ ਜਿਆਦਾ ਹੀ ਹੋ ਰਿਹਾ ਹੈ। ਸ. ਸ਼ੰਮੀ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਘੱਟ ਗਿਣਤੀਆਂ ਤੇ ਜ਼ਬਰ-ਜ਼ੁਲਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਸਾਰੀਆਂ ਹੀ ਪਿਛਲੀਆਂ ਸਰਕਾਰਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ।
ਸ. ਸ਼ੈਲਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਹੁਣੇ ਪਿਛਲੇ ਕੁਝ ਦਿਨ ਪਹਿਲਾਂ ਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੀ.ਏ.ਏ. ਤੇ ਐਨ.ਆਰ.ਸੀ. ਅਤੇ ਐਨ.ਆਰ.ਪੀ. ਵਰਗੇ ਕਾਲੇ ਕਾਨੂੰਨ ਲਿਆਉਣ ਦੇ ਚੁਕੇ ਮਸਲਿਆਂ ਨਾਲ ਦੇਸ਼ ਵਿਚ ਬੈਚਾਨੀ ਤੇ ਅਫ਼ਰਾ-ਤਫ਼ਰੀ ਅਤੇ ਖ਼ਾਨਾਜੰਗੀ ਵਾਲਾ ਮਾਹੌਲ ਪੈਦਾ ਹੋ ਗਿਆ ਸੀ, ਜਿਸ ਤੋਂ ਦੇਸ਼ ਦੀਆਂ ਘੱਟ ਗਿਣਤੀਆਂ ਦੀਆਂ ਕੋਮਾਂ ਅਤੇ ਹੋਰ ਲੋਕ ਖ਼ੌਫ਼ਜ਼ਦਾ ਹਨ।
ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਅਜਿਹੇ ਅਮਲ ਦੇਸ਼ ਦੀ ਏਕਤਾ ਤੇ ਅਖ਼ੰਡਤਾਂ ਲਈ ਬਹੁਤ ਭਾਰੀ ਨੁਕਸਾਨਦੇਹ ਸ਼ਾਬਤ ਹੋ ਸਕਦੇ ਹਨ। ਸ. ਸ਼ੰਮੀ ਨੇ ਕਿਹਾ ਕਿ ਕੇਂਦਰ ਸਰਕਾਰ ਘੱਟ ਗਿਣਤੀਆਂ ਨੂੰ ਦਬਾਉਣ ਤੇ ਵਿਤਕਰਾਪਣ ਦੀ ਨੀਤੀ ਨੂੰ ਤਿਆਗ ਕੇ ਦੇਸ਼ ਦੀਆਂ ਘੱਟ ਗਿਣਤੀਆਂ ਨਾਲ ਕੀਤਾ ਜਾ ਰਿਹਾ ਜ਼ਬਰ-ਜ਼ੁਲਮ ਤੇ ਮਤਰੇਈ ਮਾਂ ਵਾਲਾ ਸਲੂਕ ਬੰਦ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਦੇਸ਼ ਦੀ ਏਕਤਾ ਤੇ ਅਖ਼ੰਡਤਾ ਬਣੀ ਤੇ ਬਰਕਰਾਰ ਰਹੇ।ਉਨ੍ਹਾਂ ਨੇ ਕਿਹਾ ਕਿ ਜਿਸ ਦੇਸ਼ ਵਿਚ ਘੱਟ ਗਿਣਤੀਆਂ ਦੀਆਂ ਕੌਮਾਂ ਨਾਲ ਜ਼ਬਰ-ਜ਼ੁਲਮ ਤੇ ਵਿਤਕਰਾ ਹੋਵੇਗਾ, ਉਸ ਦੇਸ਼ ਵਿਚ ਆਜ਼ਾਦੀ ਦੀ ਮੰਗ ਜਰੂਰ ਉਠੇਗੀ।