ਕ੍ਰਾਸ ਵੋਟਿੰਗ ਕਰਨ ’ਤੇ ਕਾਂਗਰਸ ਨੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ

ਏਜੰਸੀ

ਖ਼ਬਰਾਂ, ਪੰਜਾਬ

ਕ੍ਰਾਸ ਵੋਟਿੰਗ ਕਰਨ ’ਤੇ ਕਾਂਗਰਸ ਨੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ

image

ਹਰਿਆਣਾ, 11 ਜੂਨ : ਹਰਿਆਣਾ ਕਾਂਗਰਸ ਦੇ ਵਿਧਾਇਕ ਕੁਲਦੀਪ ਬਿਸ਼ਨੋਈ ਨੂੰ ਰਾਜ ਸਭਾ ਦੀਆਂ 2 ਸੀਟਾਂ ਲਈ ਸ਼ੁੱਕਰਵਾਰ ਨੂੰ ਹੋਈ ਵੋਟਿੰਗ ’ਚ ਕ੍ਰਾਸ ਵੋਟਿੰਗ ਦੇ ਮਾਮਲੇ ’ਚ ਕਾਂਗਰਸ ਹਾਈ ਕਮਾਨ ਨੇ ਕਾਰਵਾਈ ਕਰਦੋ ਹੋਏ ਪਾਰਟੀ ਤੋਂ ਮੁਅੱਤਲ ਕਰ ਦਿਤਾ। ਜ਼ਿਕਰਯੋਗ ਹੈ ਕਿ ਕੱਲ ਯਾਨੀ ਸ਼ੁੱਕਰਵਾਰ ਨੂੰ ਚੋਣਾਂ ’ਚ ਭਾਜਪਾ ਤੋਂ ਕ੍ਰਿਸ਼ਨ ਲਾਲ ਪੰਵਾਰ ਅਤੇ ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ (ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਦੇ ਪੁੱਤਰ) ਨੇ ਜਿੱਤ ਹਾਸਲ ਕੀਤੀ। ਕਾਂਗਰਸ ਉਮੀਦਵਾਰ ਅਜੇ ਮਾਕਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਸੂਤਰਾਂ ਅਨੁਸਾਰ ਬਿਸ਼ਨੋਈ ਦੀ ਨਾਰਾਜ਼ਗੀ ਨੂੰ ਲੈ ਕੇ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਵਲੋਂ ਮਾਕਨ ਨੂੰ ਵੋਟ ਕਰਨ ਦੀ ਘੱਟ ਸੰਭਾਵਨਾ ਹੈ। ਇਸ ਬਾਰੇ ਦਸਿਆ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਨ ਨੇ ਵੀ ਮਾਕਨ ਨੂੰ ਵੋਟ ਦੇਣ ਲਈ ਬਿਸ਼ਨੋਈ ਨਾਲ ਗੱਲ ਕੀਤੀ ਸੀ।
ਦਸਿਆ ਜਾ ਰਿਹਾ ਹੈ ਕਿ ਬਿਸ਼ਨੋਈ ਪ੍ਰਦੇਸ਼ ਕਾਂਗਰਸ ਪ੍ਰਧਾਨ ਅਹੁਦੇ ਲਈ ਆਸਵਾਨ ਸਨ ਪਰ ਸਾਬਕਾ ਮੁੱਖ ਮੰਤਰੀ ਭੂਪਿੰਦਰ ਹੁੱਡਾ ਕਾਰਨ ਉਦੇਭਾਨ ਨੂੰ ਪ੍ਰਦੇਸ਼ ਪ੍ਰਧਾਨ ਬਣਾਏ ਜਾਣ ਤੋਂ ਨਾਰਾਜ਼ ਸਨ। ਉਹ ਇਸ ਬਾਰੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮਿਲ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਸਨ ਪਰ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਉਸ ਤੋਂ ਉਹ ਨਾਰਾਜ਼ ਹੋ ਗਏ ਅਤੇ ਕਾਂਗਰਸ ਖ਼ਿਲਾਫ਼ ਵੋਟ ਦੇ ਕੇ ਆਪਣੀ ਭੜਾਸ ਕੱਢੀ। ਇਸ ਕਾਰਨ ਉਨ੍ਹਾਂ ਨੂੰ ਵਰਕਿੰਗ ਕਮੇਟੀ ਦੀ ਮੈਂਬਰਤਾ ਤੋਂ ਵੀ ਹੱਥ ਧੋਣਾ ਪਿਆ। ਬਿਸ਼ਨੋਈ ਪਹਿਲੇ ਹੀ ਕਹਿ ਚੁਕੇ ਸਨ ਕਿ ਉਹ ਚੋਣਾਂ ’ਚ ਅੰਤਰ ਆਤਮਾ ਦੀ ਆਵਾਜ਼ ’ਤੇ ਵੋਟ ਕਰਨਗੇ। ਇਸ ’ਤੇ ਪ੍ਰਤੀਕਿਰਿਆ ਜਤਾਉਂਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਬਿਸ਼ਨੋਈ ਨੇ ਆਪਣੀ ਅੰਤਰ ਆਤਮਾ ਦੀ ਆਵਾਜ਼ ’ਤੇ ਵੋਟ ਕੀਤਾ ਹੈ। ਅਜਿਹਾ ਲੱਗਦਾ ਹੈ ਕਿ ਬਿਸ਼ਨੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ।     (ਪੀਟੀਆਈ)