ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੁਲਿਸ ਸਾਹਮਣੇ ਚੱਲੀਆਂ ਗੋਲੀਆਂ, 1 ਦੀ ਮੌਤ
ਆਜ਼ਾਦ ਨਗਰ ਦੇ ਮੌਜੂਦਾ ਕੌਂਸਲਰ ਦੇ ਪੁੱਤਰ ਵੱਲੋਂ ਕੀਤੀ ਗਈ ਗੋਲੀਬਾਰੀ
ਅੰਮ੍ਰਿਤਸਰ - ਅੰਮ੍ਰਿਤਸਰ ਦੇ ਸੁਲਤਾਨਵਿੰਡ ਵਿਚ ਦਿਨ ਦਿਹਾਰੇ ਤਾਬੜਤੋੜ ਗੋਲੀਆਂ ਚੱਲੀਆਂ ਹਨ ਤੇ ਇਸ ਘਟਨਾ ਵਿਚ ਇਕ ਵਿਅਕਤੀ ਗੁਰਪ੍ਰਤਾਪ ਸਿੰਘ ਦੀ ਮੌਤ ਵੀ ਹੋ ਗਈ ਹੈ ਤੇ 2 ਲੋਕ ਗੰਭੀਰ ਜਖ਼ਮੀ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਝਗੜੇ ਦੀ ਵਜ੍ਹਾ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਹੈ। ਆਜ਼ਾਦ ਨਗਰ ਦੇ ਮੌਜੂਦਾ ਕੌਂਸਲਰ ਦੇ ਪੁੱਤਰ ਵੱਲੋਂ ਇਹ ਗੋਲੀਬਾਰੀ ਕੀਤੀ ਗਈ ਸੀ।
ਅੱਜ ਜਦੋਂ ਇਕ ਦੁਕਾਨ 'ਤੇ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਦੌਰਾਨ ਕੁੱਝ ਲੋਕ ਆਏ ਤੇ ਪਹਿਲਾਂ ਗਾਲੀ ਗਲੋਚ ਕਰਨ ਲੱਗੇ ਤੇ ਫਿਰ ਫਾਇਰਿੰਗ ਵੀ ਹੋਈ। ਇਸ ਸਾਰੀ ਘਟਨਾ ਦੌਰਾਨ ਪੁਲਿਸ ਵੀ ਮੌਕੇ 'ਤੇ ਮੌਜੂਦ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਧਰ ਪੀੜਤ ਦੁਕਾਨਦਾਰ ਦਾ ਕਹਿਣਾ ਹੈ ਕਿ ਬੀਤੇ ਲੰਮੇ ਸਮੇਂ ਤੋਂ ਚਰਨਦੀਪ ਸਿੰਘ ਬਬਾ ਜੋ ਉਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜਿਸ ਦੀ ਕਈ ਵਾਰ ਪੁਲਿਸ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਸਿਆਸੀ ਸਬੰਧ ਦੇ ਚਲਦਿਆਂ ਅਜੇ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਤੇ ਅੱਜ ਵੀ ਘਟਨਾ ਦੇ ਸਮੇਂ ਪੁਲਿਸ ਮੌਜੂਦ ਸੀ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਲਾਰੇਸ਼ ਰੋਡ ਦੇ ਏ ਐਸ ਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਨੇ ਫੋਨ ਕਰ ਕੇ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ। ਇਕ ਚਰਨਦੀਪ ਨਾਮ ਦੇ ਵਿਅਕਤੀ ਵੱਲੋਂ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਨੂੰ ਜਖ਼ਮੀ ਕੀਤਾ ਗਿਆ ਹੈ ਜਿਸ ਵਿਚ ਇਕ ਨੋਜਵਾਨ ਦੀ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।