ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 1 ਗੈਂਗਸਟਰ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ  

ਏਜੰਸੀ

ਖ਼ਬਰਾਂ, ਪੰਜਾਬ

ਗੁਰਦੀਪ ਸਿੰਘ ਗੀਟਾ ਤੋਂ ਤਿੰਨ ਪਿਸਤੌਲ ਜਿਨ੍ਹਾਂ ਵਿਚੋਂ ਦੋ ਪਿਸਤੌਲ 32 ਬੋਰ ਅਤੇ ਇੱਕ 12 ਬੋਰ ਦਾ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ

Muktsar Sahib police nab Goldie Brar and Lawrence Bishnoi gangsters with weapons

 

ਸ੍ਰੀ ਮੁਕਤਸਰ ਸਾਹਿਬ - ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਪੁਲਿਸ ਨੇ  ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਇੱਕ ਗੈਂਗਸਟਰ ਨੂੰ 3 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਅੱਜ ਫਰੀਦਕੋਟ ਰੇਂਜ ਦੇ ਆਈ ਜੀ ਪ੍ਰਦੀਪ ਕੁਮਾਰ ਯਾਦਵ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ ਹੈ। 

 

ਗੈਂਗਸਟਰ ਦਾ ਨਾਮ ਗੁਰਦੀਪ ਸਿੰਘ ਉਰਫ਼ ਗੀਟਾ ਹੈ ਜੋ ਕਿ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਕਿੰਗਰਾ ਦਾ ਵਾਸੀ ਹੈ।  ਗੁਰਦੀਪ ਸਿੰਘ ਗੀਟਾ ਤੋਂ ਤਿੰਨ ਪਿਸਤੌਲ ਜਿਨ੍ਹਾਂ ਵਿਚੋਂ ਦੋ ਪਿਸਤੌਲ 32 ਬੋਰ ਅਤੇ ਇੱਕ 12 ਬੋਰ ਦਾ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਗੀਟਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸ ਨੇ ਸੱਤ ਹੋਰ ਹਥਿਆਰ ਗੋਲਡੀ ਬਰਾੜ ਅਤੇ ਮਨਪ੍ਰੀਤ ਮੰਨਾ ਦੇ ਕਹਿਣ ਤੇ ਵੱਖ ਵੱਖ ਗੈਂਗਸਟਰਾਂ ਨੂੰ ਦਿੱਤੇ ਹਨ। ਪ੍ਰਦੀਪ ਕੁਮਾਰ ਯਾਦਵ ਨੇ ਦੱਸਿਆ ਕਿ ਗੀਟਾ ਤੇ ਪੰਜਾਬ ਅਤੇ ਹਰਿਆਣਾ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਪਹਿਲਾਂ ਵੀ ਦਰਜ ਹਨ।

ਹੁਣ ਇਸ ਸੰਬੰਧੀ ਲੰਬੀ ਥਾਣੇ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੀਟਾ ਮੁੱਖ ਤੌਰ 'ਤੇ ਅਸਲਾ ਗੈਂਗਸਟਰਾਂ ਦੇ ਕਹਿਣ ਤੇ ਅੱਗੇ ਪਹੁੰਚਾਉਣ ਦਾ ਕੰਮ ਕਰਦਾ ਸੀ, ਗੀਟਾ ਅਸਲਾ ਕਿੱਥੋਂ ਲਿਆਉਂਦਾ ਸੀ ਇਸ ਸਬੰਧੀ ਅਜੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ  ਅਤੇ ਇਸ ਮਾਮਲੇ ਵਿਚ ਹੋਰ ਵੀ ਖੁਲਾਸੇ ਹੋਣਗੇ। ਇਸ ਤੋਂ ਇਲਾਵਾ ਪ੍ਰਦੀਪ ਯਾਦਵ ਨੇ ਦੱਸਿਆ ਕਿ ਰਾਜਨ ਜਾਟ ਨਾਮ ਦੇ ਇੱਕ ਗੈਂਗਸਟਰ ਨੂੰ 2019 ਵਿਚ ਮਲੋਟ 'ਚ ਹੋਏ ਮੰਨਾ ਦੇ ਕਤਲ ਕਾਂਡ ਦੇ ਮਾਮਲੇ 'ਚ ਪੁੱਛ-ਗਿੱਛ ਲਈ ਰਿਮਾਂਡ 'ਤੇ ਲਿਆਂਦਾ ਗਿਆ ਹੈ, ਜਿਸ ਤੋਂ ਵੱਖ ਵੱਖ ਮਾਮਲਿਆਂ ਦੇ ਵਿਚ ਕਾਫੀ ਇਨਪੁੱਟ ਪ੍ਰਾਪਤ ਹੋ ਰਹੀਆਂ ਹਨ। ਇਸ ਸੰਬੰਧ ਵਿਚ ਪੁਲਿਸ ਜਲਦ ਹੋਰ ਖੁਲਾਸੇ ਕਰੇਗੀ।