ਪੰਜਾਬ ਦੀਆਂ ਮੰਡੀਆਂ 'ਕੈਲਸ਼ੀਅਮ ਕਾਰਬਾਈਡ' ਮੁਕਤ ਹੋਣ ਦੀ ਰਾਹ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਮੰਡੀ ਅਫ਼ਸਰਾਂ ਦੀਆਂ ਟੀਮਾਂ ਵਲੋਂ 68 ਫਲ ਅਤੇ ਸਬਜ਼ੀ ਮੰਡੀਆਂ 'ਚ ਸਵੇਰੇ ਅਚਨਚੇਤ ਛਾਪੇਮਾਰੀ ਕੀਤੀ ਗਈ.........

Officers Inspects Vegetables and Fruit

ਚੰਡੀਗੜ੍ਹ : ਪੰਜਾਬ ਮੰਡੀ ਅਫ਼ਸਰਾਂ ਦੀਆਂ ਟੀਮਾਂ ਵਲੋਂ 68 ਫਲ ਅਤੇ ਸਬਜ਼ੀ ਮੰਡੀਆਂ 'ਚ ਸਵੇਰੇ ਅਚਨਚੇਤ ਛਾਪੇਮਾਰੀ ਕੀਤੀ ਗਈ। ਵੱਧ ਪੱਕੇ ਫੱਲਾਂ ਅਤੇ ਗਲੀਆਂ ਸੜੀਆਂ ਸਬਜ਼ੀਆਂ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ ਗਿਆ ਅਤੇ ਦੋਸ਼ੀ ਵਪਾਰੀਆਂ/ਫਰਮਾਂ ਨੂੰ 1000 ਤੋਂ 10,000 ਰੁਪਏ ਤੱਕ ਦੇ ਜੁਰਮਾਨੇ ਵੀ ਕੀਤੇ ਗਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਸ੍ਰੀ ਕੇ.ਐਸ. ਪੰਨੂ ਨੇ ਦਸਿਆ ਕਿ ਮੰਗਲਵਾਰ ਦੀ  ਸਵੇਰ ਨੂੰ ਪੰਜਾਬ ਮੰਡੀ ਬੋਰਡ ਦੇ ਜਨਰਲ ਮੈਨੇਜਰ ਦੀ ਅਗਵਾਈ ਵਾਲੀ ਟੀਮ ਸਮੇਤ ਅਫ਼ਸਰਾਂ ਦੀਆਂ ਵੱਖ-ਵੱਖ ਟੀਮਾਂ ਵਲੋਂ ਸੂਬੇ ਭਰ ਦੀਆਂ ਸਬਜ਼ੀ ਤੇ ਫੱਲ ਮੰਡੀਆਂ ਦਾ ਨਿਰੀਖਣ ਕੀਤਾ ਗਿਆ।

ਇਥੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਗ਼ੈਰ-ਕੁਦਰਤੀ ਤਰੀਕੇ ਨਾਲ ਪਕਾਇਆ ਗਿਆ ਕੋਈ ਵੀ ਫ਼ਲ ਮੌਕੇ 'ਤੇ ਨਹੀਂ ਪਾਇਆ ਗਿਆ ਜਦ ਕਿ ਵੱਧ ਪੱਕੇ ਜਾਂ ਉੱਲੀ ਲੱਗੇ ਫੱਲ ਵੇਖੇ ਗਏ। ਸਿਹਤ ਲਈ ਹਾਨੀਕਾਰਕ ਕੁਲ 67.7 ਕੁਇੰਟਲ ਫੱਲਾਂ ਅਤੇ ਸਬਜ਼ੀਆਂ ਨੂੰ ਨਸ਼ਟ ਕੀਤਾ ਗਿਆ।  ਸ੍ਰੀ ਪੰਨੂ ਨੇ ਦਾਅਵਾ ਕੀਤਾ ਕਿ ਇਕ ਮਹੀਨੇ ਤੋਂ ਚਲ ਰਹੀ ਇਸ ਮੁਹਿੰਮ ਨੂੰ ਬੂਰ ਪੈਣਾ ਸ਼ੁਰੂ ਹੋ ਚੁੱਕਾ ਹੈ ਕਿਉਂ ਜੋ ਮੰਡੀਆਂ ਵਿੱਚ ਗੈਰ ਕੁਦਰਤੀ ਤਰੀਕੇ ਨਾਲ ਫਲਾਂ ਨੂੰ ਪਕਾਏ ਜਾਣ ਦੀ ਰੀਤ ਹੁਣ ਘਟ ਗਈ ਹੈ।

ਮੰਗਲਵਾਰ ਸਵੇਰ ਵੇਲੇ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਛਾਪੇਮਾਰੀ ਦਾ ਮੁੱਖ ਉਦੇਸ਼ ਪਿਛਲੇ 5 ਹਫ਼ਤਿਆਂ ਵਿਚ ਕੀਤੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣਾ ਸੀ। ਦੱਸਣਾ ਜ਼ਰੂਰੀ ਹੈ ਕਿ ਅਪਣੇ ਆਪ ਵਿਚ ਇਸ ਪਹਿਲੀ ਤੇ ਨਿਵੇਕਲੀ ਮੁਹਿੰਮ ਦੌਰਾਨ 26 ਜੂਨ ਨੂੰ ਸਮੁੱਚੇ ਸੂਬੇ ਦੀਆਂ ਸਬਜ਼ੀ ਮੰਡੀਆਂ 'ਚ ਲਗਭਗ 200 ਅਧਿਕਾਰੀਆਂ ਦੀਆਂ 35 ਟੀਮਾਂ ਵਲੋਂ ਇਕੋ ਸਮੇਂ ਸੂਬੇ ਦੀਆਂ 35 ਮੁੱਖ ਮੰਡੀਆਂ ਵਿਚ ਅਚਨਚੇਤ ਛਾਪੇਮਾਰੀ ਕਰਕੇ ਹਜ਼ਾਰਾਂ ਟਨ ਫੱਲ ਤੇ ਸਬਜ਼ੀਆਂ ਦੀ ਗੁਣਵੱਤਾ ਸਬੰਧੀ ਜਾਂਚ ਕੀਤੀ ਗਈ।

ਪੰਜਾਬ ਮੰਡੀ ਬੋਰਡ ਦੇ ਅਫ਼ਸਰਾਂ ਅਤੇ ਪੋਸਟ ਹਾਰਵੈਸਟ ਤਕਨਾਲੌਜੀ ਕੇਂਦਰ ਦੇ ਮਾਹਿਰਾਂ ਵਲੋਂ ਸੂਬੇ ਦੀਆਂ 13 ਮੰਡੀਆਂ ਵਿਚ 10 ਟਨ ਸਮਰੱਥਾ ਦੇ 56 ਫਲ ਪਕਾਉਣ ਵਾਲੇ ਚੈਂਬਰ ਵੀ ਸਥਾਪਤ ਕੀਤੇ ਗਏ ਹਨ, ਜੋ ਕਿ ਸਫ਼ਲਤਾਪੂਰਵਕ ਚੱਲ ਰਹੇ ਹਨ। ਇਨ੍ਹਾਂ ਫ਼ਲ ਪਕਾਉਣ ਵਾਲੇ ਚੈਂਬਰਾਂ ਦੀ ਸਫ਼ਲਤਾ ਨੂੰ ਵੇਖਦੇ ਹੋਏ ਨਿੱਜੀ ਖੇਤਰ ਦੇ ਕਈ ਵੱਡੇ ਕਾਰੋਬਾਰੀ ਵੀ ਇਨ੍ਹਾਂ ਵਿਚ ਦਿਲਚਸਪੀ ਵਿਖਾ ਰਹੇ ਹਨ।