ਸੀਬੀਆਈ ਮਗਰੋਂ ਡੇਰਾ ਪੇ੍ਰਮੀਆਂ ਨੇ ਵੀ ‘ਸਿੱਟ’ ਦੀ ਚਲਾਨ ਰਿਪੋਰਟ ਨੂੰ ਦਿਤੀ ਚੁਣੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਅਤੇ ਐਸਆਈਟੀ ਦੀ ਪੜਤਾਲ ਦੌਰਾਨ

Central Bureau of Investigation

ਕੋਟਕਪੂਰਾ, 10 ਜੁਲਾਈ (ਗੁਰਿੰਦਰ ਸਿੰਘ) : ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਅਤੇ ਐਸਆਈਟੀ ਦੀ ਪੜਤਾਲ ਦੌਰਾਨ ਬਰਗਾੜੀ ਬੇਅਦਬੀ ਕਾਂਡ ’ਚ ਡੇਰਾ ਪੇ੍ਰਮੀਆਂ ਦੀ ਸ਼ਮੂਲੀਅਤ ਦਾ ਖੁਲਾਸਾ ਕੀਤਾ ਗਿਆ ਤਾਂ ਬੜੇ ਅਢੁੱਕਵੇਂ ਸਮੇਂ ਸੀਬੀਆਈ ਨੇ ਡੇਰਾ ਪੇ੍ਰਮੀਆਂ ਨੂੰ ਨਿਰਦੋਸ਼ ਐਲਾਣਦਿਆਂ ਅਦਾਲਤ ’ਚ ਕਲੋਜ਼ਰ ਰਿਪੋਰਟ ਪੇਸ਼ ਕਰ ਦਿਤੀ ਸੀ। ਉਸ ਸਮੇਂ ਵੀ ਪੰਥਕ ਹਲਕਿਆਂ ’ਚ ਹੈਰਾਨੀਜਨਕ ਚਰਚਾ ਛਿੜੀ ਕਿ ਮਾਮਲਾ ਦੋਸ਼ੀਆਂ ਨੂੰ ਲੱਭਣ ਦਾ ਸੀ ਨਾ ਕਿ ਦੋਸ਼ੀ ਸਾਹਮਣੇ ਆ ਜਾਣ ਦੇ ਬਾਵਜੂਦ ਦੋਸ਼ੀਆਂ ਨੂੰ ਨਿਰਦੋਸ਼ ਕਰਾਰ ਦੇਣ ਦਾ।

ਭਾਵੇਂ ਦੋਨੋਂ ਜਾਂਚ ਟੀਮਾਂ ਵਲੋਂ ਉਪਰੋਕਤ ਘਟਨਾਵਾਂ ਦੀ ਜਾਂਚ ਸਬੂਤਾਂ, ਗਵਾਹਾਂ ਅਤੇ ਦਸਤਾਵੇਜਾਂ ਦੇ ਆਧਾਰ ’ਤੇ ਬੜੀ ਤਸੱਲੀਬਖਸ਼ ਢੰਗ ਤਰੀਕੇ ਨਾਲ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੇ ਰਸਤੇ ’ਤੇ ਪਾਏ ਜਾ ਰਹੇ ਅੜਿਕਿਆਂ ਨੂੰ ਵੀ ਕਾਨੂੰਨੀ ਮਾਹਰ ਪੰਥਦਰਦੀ ਬੜੀ ਡੂੰਘੀ ਨਿਗਾ ਨਾਲ ਵਾਚ ਰਹੇ ਹਨ। ਹਾਲ ਹੀ ਵਿਚ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ‘ਸਿੱਟ’ ਵਲੋਂ ਫ਼ਰੀਦਕੋਟ ਅਦਾਲਤ ’ਚ ਪੇਸ਼ ਕੀਤੀ ਚਲਾਨ ਰਿਪੋਰਟ ’ਚ ਸੋਦਾ ਸਾਧ ਸਮੇਤ 12 ਡੇਰਾ ਪੇ੍ਰਮੀਆਂ ਨੂੰ ਦੋਸ਼ੀ ਸਾਬਿਤ ਕਰਨ ਵਾਲੇ ਪੁਖਤਾ ਸਬੂਤ ਦਿੰਦਿਆਂ ਦਸਤਾਵੇਜ ਪੇਸ਼ ਕੀਤੇ ਹਨ। 

ਉਕਤ 12 ਡੇਰਾ ਪੇ੍ਰਮੀਆਂ ’ਚ ਨਾਭਾ ਜੇਲ ’ਚ ਮਾਰੇ ਜਾ ਚੁੱਕੇ ਮਹਿੰਦਰਪਾਲ ਬਿੱਟੂ ਮਨਚੰਦਾ ਦਾ ਨਾਮ ਵੀ ਸ਼ਾਮਲ ਹੈ। ਇਨਾਂ ਵਿਚੋਂ 5 ਡੇਰਾ ਪੇ੍ਰਮੀ ਜੁਡੀਸ਼ੀਅਲ ਹਿਰਾਸਤ ’ਚ ਹਨ, 2 ਦੀ ਜ਼ਮਾਨਤ ਹੋ ਚੁੱਕੀ ਹੈ, 3 ਡੇਰਾ ਪੇ੍ਰਮੀਆਂ ਦੇ ਅਦਾਲਤ ਨੇ ਗਿ੍ਰਫ਼ਤਾਰੀ ਵਰੰਟ ਜਾਰੀ ਕੀਤੇ ਹਨ, ਜਦਕਿ ਡੇਰਾ ਮੁਖੀ ਹਿਸਾਰ ਦੀ ਸੁਨਾਰੀਆ ਜੇਲ ’ਚ ਜਬਰ ਜਿਨਾਹ (ਬਲਾਤਕਾਰ) ਦੇ ਦੋਸ਼ਾਂ ਤਹਿਤ ਦੋਹਰੀ ਉਮਰ ਕੈਦ ਦੀ ਸਜਾ ਭੁਗਤ ਰਿਹਾ ਹੈ।

ਇਕ ਪਾਸੇ ਸੀਬੀਆਈ ਨੇ ਵਿਸ਼ੇਸ਼ ਜਾਂਚ ਟੀਮ ਦੀ ਚਲਾਨ ਰਿਪੋਰਟ ਪੇਸ਼ ਕਰਨ ਦੀ ਕਾਰਵਾਈ ਨੂੰ ਅਦਾਲਤ ’ਚ ਚੁਣੌਤੀ ਦੇ ਦਿਤੀ ਹੈ ਤੇ ਅਦਾਲਤ ਨੇ ਅੱਜ ਉਸਦੀ ਸੁਣਵਾਈ ਲਈ 20 ਜੁਲਾਈ ਤਰੀਕ ਨਿਸ਼ਚਿਤ ਕੀਤੀ ਹੈ ਤੇ ਸੀਬੀਆਈ ਤੋਂ ਬਾਅਦ ਗਿ੍ਰਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਨੇ ਇਲਾਕਾ ਮੈਜਿਸਟੇ੍ਰਟ ਫ਼ਰੀਦਕੋਟ ਦੀ ਅਦਾਲਤ ’ਚ ਅਰਜ਼ੀ ਦੇ ਕੇ ਮੰਗ ਕੀਤੀ ਕਿ ਜਾਂਚ ਟੀਮ ਵਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਤੇ ਸਮੁੱਚੀ ਪੜਤਾਲ ਗ਼ੈਰ ਕਾਨੂੰਨੀ ਹੈ। ਇਸ ਲਈ ਜਾਂਚ ਟੀਮ ਵਲੋਂ ਪੇਸ਼ ਕੀਤਾ ਚਲਾਨ ਵਾਪਸ ਕੀਤਾ ਜਾਵੇ। ਜੁਡੀਸ਼ੀਅਲ ਮੈਜਿਸਟੇ੍ਰਟ ਸੁਰੇਸ਼ ਕੁਮਾਰ ਨੇ ਡੇਰਾ ਪੇ੍ਰਮੀਆਂ ਦੀ ਅਰਜ਼ੀ ’ਤੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਨੂੰ 20 ਜੁਲਾਈ ਲਈ ਨੋਟਿਸ ਜਾਰੀ ਕੀਤਾ ਹੈ। 

ਪੰਥਕ ਹਲਕੇ ਮਹਿਸੂਸ ਕਰ ਰਹੇ ਹਨ ਕਿ ਜਾਂਚ ਏਜੰਸੀਆਂ ਦਾ ਆਪਸੀ ਟਕਰਾਅ ਮੰਦਭਾਗਾ ਹੈ ਅਤੇ ਇਸ ਉਲਝਣ ਨਾਲ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਫ਼ਾਇਦਾ ਮਿਲ ਸਕਦਾ ਹੈ। ਐਸਆਈਟੀ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖਟੜਾ ਨੇ ਆਖਿਆ ਕਿ ਅਦਾਲਤ ’ਚ ਚਾਰਜਸ਼ੀਟ ਕਾਨੂੰਨੀ ਰਾਇ ਲੈਣ ਤੋਂ ਬਾਅਦ ਹੀ ਦਾਇਰ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਜਾਂਚ ਟੀਮ ਅਦਾਲਤ ਸਾਹਮਣੇ ਅਪਣਾ ਪੱਖ ਰੱਖੇਗੀ। 

ਕੋਈ ਵੀ ਵਿਅਕਤੀ ਗ਼ੈਰ ਕਾਨੂੰਨੀ ਹਿਰਾਸਤ ਵਿਚ ਨਹੀਂ ਮਿਲਿਆ
ਡੇਰਾ ਪ੍ਰੇਮੀਆਂ ਦੀ ਸ਼ਿਕਾਇਤ ’ਤੇ ਪੰਜਾਬ ਤੇ ਹਰਿਅਣਾ ਹਾਈ ਕੋਰਟ ਦੇ ਵਰੰਟ ਅਫ਼ਸਰ ਨੇ ਦੇਰ ਰਾਤ ਫ਼ਰੀਦਕੋਟ ਤੇ ਬਾਜਾਖਾਨਾ ਦੇ ਥਾਣਿਆਂ ’ਤੇ ਛਾਪੇ ਮਾਰੇ। ਪ੍ਰਾਪਤ ਸੂਚਨਾ ਅਨੁਸਾਰ ਹਾਈਕੋਰਟ ਨੂੰ ਸ਼ਿਕਾਇਤ ਮਿਲੀ ਸੀ ਕਿ ਵਿਸ਼ੇਸ਼ ਜਾਂਚ ਟੀਮ ਨੇ ਕੁਝ ਡੇਰਾ ਪ੍ਰੇਮੀਆਂ ਨੂੰ ਗ਼ੈਰ-ਕਾਨੂੰਨੀ ਹਿਰਾਸਤ ’ਚ ਰਖਿਆ ਹੋਇਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਨੇ ਕਿਹਾ ਕਿ ਫ਼ਰੀਦਕੋਟ ਤੇ ਬਾਜਾਖਾਨਾ ਥਾਣੇ ’ਚੋਂ ਕੋਈ ਵੀ ਵਿਅਕਤੀ ਗ਼ੈਰ ਕਾਨੂੰਨੀ ਹਿਰਾਸਤ ਵਿਚ ਨਹੀਂ ਮਿਲਿਆ। ਜਾਂਚ ਟੀਮ ਦੇ ਮੁਖੀ ਰਣਬੀਰ ਸਿੰਘ ਖਟੜਾ ਨੇ ਕਿਹਾ ਕਿ ਉਨ੍ਹਾਂ ਕਿਸੇ ਵੀ ਡੇਰਾ ਪ੍ਰੇਮੀ ਨੂੰ ਗ਼ੈਰ-ਕਾਨੂੰਨੀ ਹਿਰਾਸਤ ’ਚ ਨਹੀਂ ਰਖਿਆ।