ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਦਾ ਪ੍ਰਸ਼ਨ ਬੈਂਕ ‘ਹੈਕ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

13 ਪ੍ਰੀਖ੍ਰਿਆਵਾਂ ਕੀਤੀਆਂ ਰੱਦ, ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ 

Hackers

ਬਠਿੰਡਾ, 10 ਜੁਲਾਈ (ਸੁਖਜਿੰਦਰ ਮਾਨ): ਸਥਾਨਕ ਮਾਨਸਾ ਰੋਡ ’ਤੇ ਸਥਿਤ ਕੇਂਦਰੀ ਯੂਨੀਵਰਸਿਟੀ ਆਫ਼ ਪੰਜਾਬ ਦੇ ਪ੍ਰਬੰਧਾਂ ’ਤੇ ਉਸ ਸਮੇਂ ਪ੍ਰਸ਼ਨ ਚਿੰਨ ਲੱਗ ਗਿਆ, ਜਦੋਂਕਿ ਹੈਕਰਾਂ ਨੇ ਇਸ ਦੇ ਪ੍ਰਸ਼ਨ ਬੈਂਕ ਨੂੰ ਹੈਕ ਕਰ ਦਿਤਾ। ਪ੍ਰਸ਼ਨ ਪੇਪਰ ਹੈਕ ਹੋਣ ’ਤੇ ਚਲਦੇ ਯੂਨੀਵਰਸਿਟੀ ਪ੍ਰਬੰਧਕਾਂ ਨੇ ਲੰਘੀ 6-8 ਜੁਲਾਈ ਨੂੰ ਹੋਈਆਂ 13 ਪ੍ਰੀਖਿਆਵਾਂ ਰੱਦ ਕਰ ਦਿਤੀਆਂ ਹਨ। ਇਸ ਦੀ ਪੁਸ਼ਟੀ ਕਰਦਿਆਂ ਯੂਨੀਵਰਸਿਟੀ ਦੇ ਉਪ ਕੁੱਲਪਤੀ ਡਾ. ਆਰ ਕੇ ਕੋਹਲੀ ਨੇ ਦਸਿਆ ਕਿ ਮਾਮਲਾ ਸਾਹਮਣੇ ਆਉਣ ’ਤੇ ਇਹ ਕਦਮ ਚੁਕਿਆ ਗਿਆ ਹੈ।  ਉਨ੍ਹਾਂ ਕਿਹਾ ਕਿ ਜਲਦੀ ਹੀ ਪੇਪਰਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰ ਦਿਤਾ ਜਾਵੇਗਾ।  ਇਸ ਦੇ ਨਾਲ ਹੀ ਯੂਨੀਵਰਸਿਟੀ ਵਲੋਂ ਮਾਮਲੇ ਦੀ ਜਾਂਚ ਬਠਿੰਡਾ ਪੁਲਿਸ ਨੂੰ ਵੀ ਲਿਖ਼ਤੀ ਸਿਕਾਇਤ ਕਰ ਦਿਤਾ ਹੈ। 

ਸੂਤਰਾਂ ਮੁਤਾਬਕ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕੁਝ ਫ਼ੈਕਲਟੀ ਮੈਂਬਰਾਂ ਨੂੰ ਕਿਸੇ ਅਣਪਛਾਤੇ ਵਿਅਕਤੀ ਦਾ ਈਮੇਲ ਮਿਲਿਆ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਪ੍ਰਸ਼ਨ ਬੈਂਕ ਨੂੰ ਹੈਕ ਕਰ ਦਿਤਾ ਗਿਆ ਹੈ। ਈ-ਮੇਲ ਵਿਚ ਇਕ ਲਿੰਕ ਦਿਤਾ ਗਿਆ ਸੀ, ਇਸ ਉਤੇ ਕਲਿੱਕ ਕਰਨ ਨਾਲ ਯੂਨੀਵਰਸਿਟੀ ਦੇ ਸਾਰੇ ਪ੍ਰਸ਼ਨ ਸਾਹਮਣੇ ਆ ਜਾਂਦੇ ਸਨ। ਉਧਰ ਪੁਲਿਸ ਸੂਤਰਾਂ ਦੇ ਅਨੁਸਾਰ, ਪ੍ਰੋਟੋਨਮੇਲ ਇਕ ਅਤਿ ਆਧੁਨਿਕ ਸਾਈਬਰ ਪਲੇਟਫ਼ਾਰਮ ਹੈ ਜਿੱਥੇ ਈ-ਮੇਲ ਭੇਜਣ ਵਾਲੇ ਦੀ ਪਹਿਚਾਣ ਕਰਨਾ ਕਾਫ਼ੀ ਮੁਸ਼ਕਲ ਹੁੰਦੀ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਯੂਨੀਵਰਸਿਟੀ ਨੇ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਦਾ ਫ਼ੈਸਲਾ ਕੀਤਾ ਸੀ, ਜਿਸ ਦੇ ਤਹਿਤ ਵਿਦਿਆਰਥੀ ਘਰ ਬੈਠੇ ਅਪਣੇ ਪੇਪਰ ਦੇਣ ਲਈ ਤਰੀਕਾਂ ਦੀ ਚੋਣ ਕਰਨ ਸਕਦੇ ਸਨ।    

ਹਾਲਾਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀ ਗਈ ਇਹ ਆਨਲਾਈਨ ਪ੍ਰੀਖਿਆ ਪ੍ਰਣਾਲੀ ਕਾਫ਼ੀ ਨੁਕਸਦਾਰ ਹੈ ਅਤੇ ਇਕੋਂ ਸਮੇਂ ਬਹੁਤ ਸਾਰੇ ਵਿਦਿਆਰਥੀ ਇਸ ਪ੍ਰਣਾਲੀ ਤਹਿਤ ਟੈਸਟ ਲਈ ਬੈਠਣ ਤੋਂ ਅਸਮਰੱਥ ਹਨ।” ਜਦੋਂਕਿ ਇਸਤੋਂ ਪਹਿਲਾਂ ਇਮਤਿਹਾਨ ਕੈਂਪਸ ਵਿਚ ਇੰਟਰਨੇਟ ਦੀ ਵਰਤੋਂ ਕਰ ਕੇ ਲਏ ਜਾਂਦੇ ਸਨ। ਉਧਰ ਸੰਪਰਕ ਕਰਨ ’ਤੇ ਉਪ ਕੁਲਪਤੀ ਡਾ ਕੋਹਲੀ ਨੇ ਕਿਹਾ ਕਿ ਪ੍ਰਸ਼ਨ ਪੱਤਰਾਂ ਨੂੰ ਅਪਲੋਡ ਕਰਨ ਲਈ ਅਧਿਆਪਕਾਂ ਨੂੰ ਪ੍ਰਸ਼ਨ ਬੈਂਕ ਦੀ ਆਨਲਾਈਨ ਪਹੁੰਚ ਦਿਤੀ ਗਈ ਸੀ। ਸਿਸਟਮ ਪਾਸਵਰਡ ਨਾਲ ਸਮਰਥਿਤ ਸੀ, ਪਰ ਕਿਤੇ ਕੋਈ ਗ਼ਲਤੀ ਰਹਿ ਜਾਣ ਕਾਰਨ ਇਹ ਘਟਨਾ ਵਾਪਰੀ ਹੈ।