ਕਣਕ ਦਾ ਯੋਗਦਾਨ ਪਾਉਣ ’ਚ ਮੱਧ ਪ੍ਰਦੇਸ਼ ਸਿਖਰ ’ਤੇ, ਪੰਜਾਬ ਨੂੰ ਪਛਾੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਲ 2020-21 ਵਿਚ ਹੁਣ ਤਕ ਕਣਕ ਦੀ ਖ਼ਰੀਦ 3.90 ਲੱਖ ਟਨ ਦੇ ਰੀਕਾਰਡ ’ਤੇ

Wheat

ਨਵੀਂ ਦਿੱਲੀ, 10 ਜੁਲਾਈ  : ਸਰਕਾਰ ਦੀ ਕਣਕ ਖ਼ਰੀਦ 2020-21 ਦੇ ਮੌਜੂਦਾ ਕਣਕ ਸੀਜ਼ਨ ਯਾਨੀ ਅਪ੍ਰੈਲ-ਮਾਰਚ ਵਿਚ ਹੁਣ ਤਕ 3  ਕਰੋੜ 89 ਲੱਖ 80 ਹਜ਼ਾਰ ਟਨ ਦੇ ਨਵੇਂ ਰੀਕਾਰਡ ਪੱਧਰ ਨੂੰ ਛੂਹ ਗਈ। ਕਣਕ ਖ਼ਰੀਦ ਦੇ ਮਾਮਲੇ ਵਿਚ ਪੰਜਾਬ ਨੂੰ ਪਿੱਛੇ ਛਡਦਿਆਂ ਮੱਧ ਪ੍ਰਦੇਸ਼ ਦੇਸ਼ ਦਾ ਸੱਭ ਤੋਂ ਜ਼ਿਆਦਾ ਕਣਕ ਖ਼ਰੀਦਣ ਵਾਲਾ ਰਾਜ ਬਣ ਗਿਆ ਹੈ। 

ਕਣਕ ਖ਼ਰੀਦ ਦੇ ਮਾਮਲੇ ਵਿਚ ਪਿਛਲਾ ਰੀਕਾਰਡ ਸਾਲ 2012-13 ਦਾ ਹੈ ਜਦ 3 ਕਰੋੜ 81 ਲੱਖ 80 ਹਜ਼ਾਰ ਟਨ ਦੀ ਖ਼ਰੀਦ ਕੀਤੀ ਗਈ ਸੀ ਜਦਕਿ ਪਿਛਲੇ ਸਾਲ 2019-20 ਦੌਰਾਨ ਕਣਕ ਦੀ ਖ਼ਰੀਦ 3 3ਰੋੜ 47 ਲੱਖ 70 ਹਜ਼ਾਰ ਟਨ ਰਹੀ ਸੀ। ਕਣਕ ਦਾ ਸੀਜ਼ਨ ਅਪ੍ਰੈਲ ਤੋਂ ਮਾਰਚ ਤਕ ਹੁੰਦਾ ਹੈ ਪਰ ਆਮ ਤੌਰ ’ਤੇ ਬਹੁਤੀ ਮਾਤਰਾ ਵਿਚ ਖ਼ਰੀਦ ਦਾ ਕੰਮ ਪਹਿਲੇ ਤਿੰਨ ਮਹੀਨਿਆਂ ਵਿਚ ਹੀ ਕੀਤਾ ਜਾਂਦਾ ਹੈ।

ਚਾਲੂ ਵਰ੍ਹੇ ਦੌਰਾਨ ਕਣਕ ਖ਼ਰੀਦ ਦਾ ਟੀਚਾ 4.07 ਕਰੋੜ ਟਨ ਤੈਟ ਕੀਤਾ ਗਿਆ ਹੈ। ਭਾਰਤੀ ਖਾਧ ਨਿਗਮ ਅਤੇ ਰਾਜ ਏਜੰਸੀਆਂ ਘੱਟੋ ਘੱਟ ਸਮਰਥਨ ਮੁਲ ’ਤੇ ਕਣਕ ਦੀ ਖ਼ਰੀਦ ਦਾ ਕੰਮ ਕਰਦੀਆਂ ਹਨ। ਐਫ਼ਸੀਆਈ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ ਨੂੰ ਪਿੱਛੇ ਛੱਡ ਕੇ ਮੱਧ ਪ੍ਰਦੇਸ਼ ਕੇਂਦਰੀ ਪੂਲ ਵਿਚ ਇਕ ਕਰੋੜ 29 ਲੱਖ 30 ਹਜ਼ਾਰ ਟਨ ਕਣਕ ਦੇ ਯੋਗਦਾਨ ਨਾਲ ਸੱਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਰਾਜ ਬਣ ਗਿਆ ਹੈ।

ਪੰਜਾਬ ਵਿਚ ਹਾਲੇ ਤਕ ਇਕ ਕਰੋੜ 27 ਲੱਖ 10 ਹਜ਼ਾਰ ਕਣਕ ਦੀ ਖ਼ਰੀਦ ਹੋਈ ਹੈ। ਕਣਕ ਦੀ ਕੌਮੀ ਪੱਧਰ ’ਤੇ ਹੋ ਰਹੀ ਖ਼ਰੀਦ ਵਿਚ ਹਰਿਆਣਾ ਦਾ 74 ਲੱਖ ਟਨ, ਯੂਪੀ 35 ਲੱਖ ਟਨ ਅਤੇ ਰਾਜਸਥਾਨ 22 ਲੱਖ ਟਨ ਦਾ ਅਹਿਮ ਯੋਗਦਾਨ ਰਿਹਾ ਹੈ। ਐਫ਼ਸੀਆਈ ਕੋਲ ਇਸ ਵੇਲੇ ਕੁਲ 8 ਕਰੋੜ 12 ਲੱਖ 50 ਹਜ਼ਾਰ ਟਨ ਅਨਾਜ ਦਾ ਸਟਾਕ ਹੈ ਜਿਸ ਵਿਚ ਕਣਕ 5 ਕਰੋੜ 45 ਲੰਖ 20 ਹਜ਼ਾਰ ਟਨ ਅਤੇ ਚੌਲ 2 ਕਰੋੜ 67 ਲੱਖ 20 ਹਜ਼ਾਰ ਟਨ ਹੈ। (ਏਜੰਸੀ)