ਇੰਜੀਨੀਅਰਿੰਗ ਵਿਕਾਸ ਦੇ 100 ਵਰ੍ਹੇ : ‘ਇੰਟੈਲੀਜੈਂਟ ਬਿਲਡਿੰਗਜ਼’ ਵਿਸ਼ੇ ਸਬੰਧੀ ਵਿਚਾਰ-ਚਰਚਾ ....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਨਿਰਮਾਣ ਲਈ ਇੰਜੀਨੀਅਰਿੰਗ ਵਿਕਾਸ ਵਲ ਅਣਥੱਕ ਸਫ਼ਰ ਦੇ 100 ਵਰਿ੍ਹਆਂ ਦਾ ਜਸ਼ਨ ਮਨਾਉਂਦਿਆਂ ਇੰਸਟੀਟਿਊਸ਼ਨਜ਼ ਆਫ਼

File Photo

ਦੇਸ਼ ਨਿਰਮਾਣ ਲਈ ਇੰਜੀਨੀਅਰਿੰਗ ਵਿਕਾਸ ਵਲ ਅਣਥੱਕ ਸਫ਼ਰ ਦੇ 100 ਵਰਿ੍ਹਆਂ ਦਾ ਜਸ਼ਨ ਮਨਾਉਂਦਿਆਂ ਇੰਸਟੀਟਿਊਸ਼ਨਜ਼ ਆਫ਼ ਇੰਜਨੀਅਰਜ਼ (ਇੰਡੀਆ) ਪੰਜਾਬ ਐਂਡ ਚੰਡੀਗੜ੍ਹ ਸਟੇਟ ਸੈਂਟਰ ਨੇ ਤਕਨੀਕੀ ਵਿਚਾਰ-ਚਰਚਾ ਅਤੇ ਵੈਬੀਨਾਰ ਕਰਵਾਇਆ ਜਿਸ ਦਾ ਵਿਸ਼ਾ ਸੀ ‘ਇੰਟੈਲੀਜੈਂਟ ਬਿਲਡਿੰਗਜ਼’। ਇਹ ਵੈਬੀਨਾਰ ਚਾਰ ਜੁਲਾਈ ਨੂੰ ਕਰਵਾਇਆ ਗਿਆ। ਇੰਜਨੀਅਰ ਸੁਖਵੀਰ ਸਿੰਘ ਮੁੰਡੀ, ਐਫ਼ਆਈਈ, ਚੇਅਰਮੈਨ, ਆਈਈ ਪੰਜਾਬ ਐਂਡ ਚੰਡੀਗੜ੍ਹ ਸਟੇਟ ਸੈਂਟਰ, ਨੇ ਚਰਚਾ ਵਿਚ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੀ ਪ੍ਰਧਾਨਗੀ ਇੰਜੀਨੀਅਰ ਦਲਜੀਤ ਸਿੰਘ, ਐਫ਼ਆਈਈ, ਇੰਜਨੀਅਰ ਇਨ ਚੀਫ਼ ਅਤੇ ਸੇਵਾਮੁਕਤ ਤਕਨੀਕੀ ਸਲਾਹਕਾਰ, ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਨੇ ਕੀਤੀ। ਇੰਟੈਲੀਜੈਂਟ ਬਿਲਡਿੰਗ ਉਹ ਹੁੰਦੀ ਹੈ

ਜਿਸ ਦੇ ਨਿਰਮਾਣ ਲਈ ਤਕਨੀਕ ਦੀ ਸੁਚੱਜੀ ਵਰਤੋਂ ਕਰਦਿਆਂ ਇਮਾਰਤ ਨੂੰ ਵਧੇਰੇ ਸੁਰੱਖਿਅਤ, ਆਰਾਮਦਾਇਕ ਅਤੇ ਵਾਤਾਵਰਣ ਪੱਖੀ ਬਣਾਇਆ ਜਾਂਦਾ ਹੈ।  ਇਸ ਵਿਸ਼ੇਸ ਮੌਕੇ ’ਤੇ ਡਾ. ਮਨਜੀਤ ਬਾਂਸਲ, ਪ੍ਰੋਫ਼ੈਸਰ ਐਂਡ ਡੀਨ ਕੰਸਲਟੈਂਸੀ ਐਂਡ ਇੰਡਸਟਰੀ ਲਿੰਕੇਜ਼, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨੇ ਕੁੰਜੀਵਤ ਭਾਸ਼ਨ ਦਿਤਾ। ਡਾ. ਬਾਂਸਲ ਨੇ ਇੰਟੈਲੀਜੈਂਟ ਬਿਲਡਿੰਗਾਂ ਦੀ ਮਹੱਤਤਾ ’ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਇਹ ਇਮਾਰਤਾਂ ਤਕਨੀਕ ਦਾ ਮਿਆਰ ਉਚਾ ਕਰਨ ਦੇ ਮਕਸਦ ਨਾਲ ਸਮੇਂ ਦੀ ਲੋੜ ਹਨ। ਉਨ੍ਹਾਂ ਸਮਾਰਟ ਗਲਾਸ ਟੈਕਨੋਲੋਜੀ, ਫ਼ਾਇਰ ਸਪਰਿੰਕਲਰ ਸਿਸਟਮ, ਏਅਰ ਕੁਆਲਿਟੀ ਸੈਂਸਰਜ਼, ਟੈਂਪਰੇਚਰ ਸੈਂਸਰ ਜਿਹੇ ਮੌਜੂਦਾ ਵੱਖ ਵੱਖ ਸਿਸਟਮਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਇੰਟੈਲੀਜੈਂਟ ਬਿਲਡਿੰਗਾਂ ਦੇ ਨਿਰਮਾਣ ਦੇ ਪੈਮਾਨੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, ‘ਜੇ ਅਸੀਂ ਆਮ ਅਤੇ ਇੰਟੈਲੀਜੈਂਟ ਇਮਾਰਤਾਂ ਦੇ ਮੁੱਖ ਫ਼ਰਕ ਦੀ ਗੱਲ ਕਰਦੇ ਹਾਂ ਤਾਂ ਇਟੈਲੀਜੈਂਟ ਬਿਲਡਿੰਗਾਂ ਦੀ ਬਿਹਤਰ ਸੰਭਾਲ ਹੁੰਦੀ ਹੈ ਅਤੇ ਮਿਆਰ ਪੱਖੋਂ ਵੀ ਇਹ ਬਿਹਤਰ ਹਨ।

ਇਸ ਤੋਂ ਇਨਾਵਾ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵੀ ਘੱਟ ਹੁੰਦੀ ਹੈ।’ ਉਨ੍ਹਾਂ ਅਮੇਜ਼ਨ ਅਲੈਕਸਾ ਦੇ ਹੋਮ ਆਟੋਮੇਸ਼ਨ ਸਿਸਟਮ ਦੇ ਕੇਸ ਅਧਿਐਨ ਬਾਰੇ ਵੀ ਭਾਸ਼ਨ ਦਿਤਾ ਜਿਸ ਦੇ ਈਕੋ ਉਪਕਰਨਾਂ ਨੂੰ ਵਰਤਦਿਆਂ ਆਮ ਘਰ ਨੂੰ ਸਮਾਰਟ ਆਟੋਮੈਟਿਡ ਘਰ ਵਿਚ ਬਦਲਿਆ ਜਾ ਸਕਦਾ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਪੇਸ਼ਵਰ ਇੰਜਨੀਅਰਾਂ ਅਤੇ ਸੀਨੀਅਰ ਸਿਖਿਆਦਾਨੀਆਂ ਸਮੇਤ 60 ਤੋਂ ਵੱਧ ਉਘੀਆਂ ਹਸਤੀਆਂ ਨੇ ਇਸ ਵੈਬੀਨਾਰ ਵਿਚ ਹਿੱਸਾ ਲਿਆ। ਡਾ. ਬਲਜੀਤ ਸਿੰਘ ਖੈਰਾ, ਐਫ਼ਆਈਈ, ਆਨਰੇਰੀ ਸਕੱਤਰ, ਆਈਈ, ਪੰਜਾਬ ਐਂਡ ਚੰਡੀਗੜ੍ਹ ਸਟੇਟ ਸੈਂਟਰ ਨੇ ਸਾਰਿਆਂ ਦਾ ਧਨਵਾਦ ਕੀਤਾ।