ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਸਿੱਖੀ ਸੋਚ ਤੇ ਸਿੱਖ ਪ੍ਰੰਪਰਾਵਾਂ ਲਈ ਕੀਤਾ ਗਿਆ ਸੀ: ਬ੍ਰਹਮਪੁਰਾ
ਅਕਾਲੀ ਦਲ ਵਿਚ ਵਾਪਸੀ ਦੀਆਂ ਖ਼ਬਰਾਂ ਦਾ ਖੰਡਨ
ਚੰਡੀਗੜ੍ਹ, 10 ਜੁਲਾਈ (ਨੀਲ ਭਾਲਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਉਨ੍ਹਾਂ ਸਾਰੀਆਂ ਖ਼ਬਰਾਂ ਦਾ ਸਿਰੇ ਤੋਂ ਖੰਡਨ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਬ੍ਰਹਮਪੁਰਾ ਦੀ ਕਿਸੇ ਵਕਤ ਵੀ ਘਰ ਵਾਪਸੀ ਹੋ ਸਕਦੀ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਮਕਸਦ ਦੀ ਪੂਰਤੀ ਲਈ 16 ਦਸਬੰਰ 2018 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਇਆ ਗਿਆ ਸੀ ਉਸ ਅਹਿਦ 'ਤੇ ਹੀ ਮੈਂ ਤੇ ਮੇਰੇ ਸਾਥੀ ਖੜ੍ਹੇ ਹਾਂ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਜਥੇਦਾਰ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਬੀਤੇ ਦਿਨੀ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਉਨ੍ਹਾਂ ਦਾ ਹਾਲਚਾਲ ਜਾਨਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਚੀਮਾ ਨਾਲ ਕਿਸੇ ਵੀ ਸਿਆਸੀ ਮਸਲੇ 'ਤੇ ਕੋਈ ਗੱਲਬਾਤ ਨਹੀਂ ਹੋਈ ਪਰ ਮੇਰੇ ਪਾਸ ਮੀਡੀਆ ਦੇ ਕੁੱਝ ਲੋਕ ਪਹਿਲਾਂ ਹੀ ਇੰਟਰਵਿਊ ਲੈਣ ਆਏ ਹੋਏ ਸਨ ਜਿਨ੍ਹਾਂ ਨੇ ਮੁਲਾਕਾਤ ਦੀਆਂ ਫ਼ੋਟੋ ਤੇ ਵੀਡੀਉ ਬਣਾ ਲਈ।
ਉਨ੍ਹਾਂ ਦੇ ਬੇਟੇ ਅਤੇ ਸਾਬਕਾ ਵਿਧਾਇਕ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦਸਿਆ ਕਿ ਕੱਲ ਤਕ ਬਾਪੂ ਜੀ ਨੂੰ ਹਸਪਤਾਲ ਤੋ ਛੁੱਟੀ ਮਿਲਣ ਦੀ ਸੰਭਾਵਨਾ ਹੈ । ਇਸੇ ਦੌਰਾਨ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਬੰਡਾਲੀ ਤੇ ਸਾਬਕਾ ਐਸਜੀਪੀਸੀ ਮੈਂਬਰਾਂ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ, ਜਨਰਲ ਸਕੱਤਰ ਮੱਖਣ ਸਿੰਘ ਨੰਗਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਬਲਵਿੰਦਰ ਸਿੰਘ ਵੈਈਪੂਈ ਅਤੇ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਨੇ ਕਿਹਾ ਹੈ ਕਿ ਅਸੀ ਜਥੇਦਾਰ ਬ੍ਰਹਮਪੁਰਾ ਨਾਲ ਚਟਾਨ ਵਾਗ ਖੜੇ ਹਾਂ।