ਭਾਜਪਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ  ਪਾਰਟੀ 'ਚੋਂ ਬਾਹਰ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ  ਪਾਰਟੀ 'ਚੋਂ ਬਾਹਰ ਕੀਤਾ

image


ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਦੀ ਮਿਲੀ ਸਜ਼ਾ, 6 ਸਾਲ ਲਈ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਾਸਤ

ਚੰਡੀਗੜ੍ਹ, 10 ਜੁਲਾਈ (ਗੁਰਉਪਦੇਸ਼ ਭੁੱਲਰ) : ਭਾਜਪਾ ਪੰਜਾਬ ਨੇ ਵੱਡੀ ਕਾਰਵਾਈ ਕਰਦਿਆਂ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ  6 ਸਾਲ ਲਈ ਪਾਰਟੀ ਮੈਂਬਰਸ਼ਿਪ ਤੋਂ ਬਰਖਾਸਤ ਕਰਦਿਆਂ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿਤਾ ਹੈ | ਜੋਸ਼ੀ ਨੇ ਖੁਲ੍ਹ ਕੇ ਕਿਸਾਨਾਂ ਦੇ ਅੰਦੋਲਨ ਦੇ ਹੱਕ 'ਚ ਆਵਾਜ਼ ਚੁਕਦਿਆਂ ਸੂਬਾ ਭਾਜਪਾ ਲੀਡਰਸ਼ਿਪ ਦੀ ਭੂਮਿਕਾ 'ਤੇ ਗੰਭੀਰ ਸਵਾਲ ਚੁੱਕੇ ਸਨ | ਇਸ ਤਰ੍ਹਾਂ ਕਿਸਾਨਾਂ ਦੇ ਹੱਕ 'ਚ ਬੋਲਣਾ ਹੀ ਜੋਸ਼ੀ ਨੂੰ ਮਹਿੰਗਾ ਪਿਆ | ਜੋਸ਼ੀ ਨੂੰ  ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਹਦਾਇਤ 'ਤੇ ਨੋਟਿਸ ਜਾਰੀ ਕਰਦਿਆਂ ਦੋ ਦਿਨ 'ਚ ਜੁਆਬ ਮੰਗਿਆ ਗਿਆ ਸੀ | 
ਜੋਸ਼ੀ ਨੇ ਬੀਤੇ ਦਿਨੀਂ ਅਪਣਾ ਜਵਾਬ ਭੇਜਦਿਆਂ ਅਪਣੇ ਸਟੈਂਡ ਨੂੰ  ਸਹੀ ਠਹਿਰਾਇਆ ਸੀ | ਪਾਰਟੀ ਜੋਸ਼ੀ ਦੇ ਜਵਾਬ 'ਤੇ ਸੰਤੁਸ਼ਟ ਨਹੀਂ ਹੋਈ ਅਤੇ ਮੁੜ ਪੱਖ ਪੇਸ਼ ਕਰਨ ਦਾ ਮੌਕਾ ਦਿਤੇ ਬਿਨਾਂ ਹੀ ਪਾਰਟੀ 'ਚੋਂ ਕੱਢਣ ਦਾ ਫ਼ੈਸਲਾ ਲੈ ਲਿਆ | ਇਸ ਦੀ ਪੁਸ਼ਟੀ ਪਾਰਟੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਰਦਿਆਂ ਕਿਹਾ ਕਿ ਪਾਰਟੀ ਵਿਰੋਧੀ ਸਰਗਰਮੀਆਂ ਅਤੇ ਅਨੁਸ਼ਾਸ਼ਨਹੀਣਤਾ ਦੇ ਦੋਸ਼ਾਂ 'ਚ ਜੋਸ਼ੀ ਨੂੰ  ਪਾਰਟੀ 'ਚੋਂ 6 ਸਾਲ ਲਈ ਬਰਖ਼ਾਸਤ ਕੀਤਾ ਗਿਆ ਹੈ | ਜੋਸ਼ੀ ਨੇ ਕਾਰਨ ਦੱਸੋ ਨੋਟਿਸ ਦੇ ਜਵਾਬ 'ਚ ਲਿਖਿਆ ਸੀ ਕਿ ਜੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ 'ਚ ਬੋਲਣਾ ਜਾਂ ਪਾਰਟੀ ਨੂੰ  ਬਚਾਉਣ ਲਈ ਗੱਲ ਕਰਨਾ ਪਾਰਟੀ ਅਨੁਸ਼ਾਸਨ ਤੋੜਨਾ ਹੈ ਤਾਂ ਮੈਂ ਇਹ ਗ਼ਲਤੀ ਕੀਤੀ ਹੈ | ਇਸ ਤੋਂ ਬਾਅਦ ਜੋਸ਼ੀ ਮੀਡੀਆ 'ਚ ਵੀ ਅਪਣਾ  ਸਟੈਂਡ ਵਾਰ-ਵਾਰ ਦੁਹਰਾ ਰਹੇ ਸਨ ਅਤੇ ਪਾਰਟੀ ਵਰਕਰਾਂ ਨਾਲ ਵੀ ਕਿਸਾਨਾਂ ਦੇ ਹੱਕ 'ਚ ਲਗਾਤਾਰ ਮੀਟਿੰਗਾਂ ਕਰ ਰਹੇ ਸਨ |