ਮਾਂ ਤੇ ਪੁੱਤ ਦੀ ਕੋਰੋਨਾ ਵਾਇਰਸ ਕਾਰਨ ਇਕੋ ਦਿਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਹਿੰਬਰ ਸਿੰਘ ਆਪਣੀ ਮਾਤਾ ਦਾ ਇਕਲੌਤਾ ਪੁੱਤਰ ਸੀ। ਖੇਤੀਬਾੜੀ ਦੇ ਨਾਲ-ਨਾਲ ਘਰ ਦੇ ਸਾਰੇ ਕੰਮ ਉਹੀ ਕਰਦਾ ਸੀ।

Mother and son die of corona virus on the same day

ਫਿਲੌਰ/ਲੋਹੀਆਂ (ਸੁਰਜੀਤ ਸਿੰਘ ਕੰਦੋਵਾਲੀ) : ਨਜ਼ਦੀਕੀ ਪਿੰਡ ਚੱਕ ਚੇਲਾ ਦੇ ਦੋ ਜੀਆਂ ਦੀ ਇੱਕੋ ਦਿਨ ਕੋਰੋਨਾ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਰਬਜੀਤ ਕੌਰ ਜਿਸ ਦੀ ਉਮਰ 60 ਸਾਲ ਸੀ, ਉਸ ਨੂੰ ਕੋਰੋਨਾ ਦੀ ਸ਼ਿਕਾਇਤ ਹੋ ਗਈ ਸੀ, ਜਿਸ ਕਾਰਨ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਮਾਤਾ ਦੀ ਦੇਖਭਾਲ ਲਈ ਉਸ ਦਾ ਪੁੱਤਰ ਲਹਿੰਬਰ ਸਿੰਘ ਉਮਰ 40 ਸਾਲ ਉਸ ਦੇ ਕੋਲ ਡੀਐਮਸੀ ਹਸਪਤਾਲ ਲੁਧਿਆਣਾ ਵਿਖੇ ਰਹਿਣ ਲੱਗ ਪਿਆ। ਸਿੱਟੇ ਵਜੋਂ ਪੁੱਤਰ ਲਹਿੰਬਰ ਸਿੰਘ ਨੂੰ ਵੀ ਕੋਰੋਨਾ ਦੀ ਸ਼ਿਕਾਇਤ ਹੋ ਗਈ ਅਤੇ ਉਸ ਨੂੰ ਵੀ ਡੀਐਮਸੀ ਹਸਪਤਾਲ ਦੀ ਕੋਰੋਨਾ ਵਾਰਡ ਵਿਚ ਮਾਤਾ ਤੋਂ ਕੁੱਝ ਦੂਰ ਬੈੱਡ ਉੱਪਰ ਦਾਖ਼ਲ ਕਰ ਲਿਆ ਗਿਆ।

ਮਾਤਾ ਦੀ ਕੋਰੋਨਾ ਕਾਰਨ ਮੌਤ ਹੋ ਗਈ ਅਤੇ ਸ਼ਾਮ ਸਮੇਂ ਜਦੋਂ ਮਾਤਾ ਦਾ ਅੰਤਮ ਸਸਕਾਰ ਕੀਤਾ ਜਾ ਰਿਹਾ ਸੀ ਤਾਂ ਪੁੱਤਰ ਨੂੰ ਮਾਤਾ ਦੀ ਮੌਤ ਕਾਫ਼ੀ ਸਦਮਾ ਲੱਗਾ, ਉਸ ਦਾ ਬੀਪੀ ਬਹੁਤ ਥੱਲੇ ਚਲਾ ਗਿਆ ਅਤੇ ਡਾਕਟਰਾਂ ਦੀ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਜਦੋਂ ਮਾਤਾ ਦਾ ਸਸਕਾਰ ਕੀਤਾ ਜਾ ਰਿਹਾ ਸੀ ਉਸ ਟਾਈਮ ਖ਼ਬਰ ਆਈ ਕਿ ਪੁੱਤਰ ਵੀ ਚੱਲ ਵਸਿਆ ਹੈ।

ਇਸ ਘਟਨਾ ਕਾਰਨ ਪਿੰਡ ਵਿਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਪਿੰਡ ਵਾਸੀਆਂ ਨੇ ਦਸਿਆ ਕਿ ਲਹਿੰਬਰ ਸਿੰਘ ਆਪਣੀ ਮਾਤਾ ਦਾ ਇਕਲੌਤਾ ਪੁੱਤਰ ਸੀ। ਖੇਤੀਬਾੜੀ ਦੇ ਨਾਲ-ਨਾਲ ਘਰ ਦੇ ਸਾਰੇ ਕੰਮ ਉਹੀ ਕਰਦਾ ਸੀ।