IELTS ਪਾਸ ਨੂੰਹ ਨੂੰ 30 ਲੱਖ ਦਾ ਖਰਚਾ ਕਰ ਭੇਜਿਆ ਕੈਨੇਡਾ, ਵਿਦੇਸ਼ ਪਹੁੰਚ ਕੇ ਨੂੰਹ ਨੇ ਲਗਾਇਆ ਚੂਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀਡ਼ਤ ਲਡ਼ਕੇ ਅਤੇ ਉਸਦੇ ਮਾਤਾ ਪਿਤਾ ਇਨਸਾਫ ਲੈਣ ਲਈ ਦਰ ਦਰ ਦੀਆਂ ਖਾ ਰਹੇ ਨੇ ਠੋਕਰਾਂ

The IELTS pass sent the daughter-in-law to Canada at a cost of Rs 30 lakh

ਗੁਰਦਾਸਪੁਰ (ਅਵਤਾਰ ਸਿੰਘ)   ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਲਈ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਅਤੇ ਜ਼ਿਆਦਾਤਰ ਨੌਜਵਾਨ ਲਡ਼ਕੀਆਂ ਦਾ ਸਹਾਰਾ ਲੈ ਕੇ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।  ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਲਵਪ੍ਰੀਤ ਅਤੇ ਉਸਦੇ ਪਰਿਵਾਰ ਨੇ ਆਰੋਪ ਲਗਾਏ ਹਨ ਕਿ ਉਹਨਾਂ ਨੇ ਪਟਿਆਲਾ ਦੀ  ਰਹਿਣ ਵਾਲੀ ਮਨਦੀਪ ਕੌਰ ਨਾਲ 6 ਸਾਲ ਪਹਿਲਾਂ ਆਪਣੇ ਲੜਕੇ ਦਾ ਵਿਆਹ ਕਰਵਾਇਆ ਸੀ।

ਅਤੇ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਲੜਕੀ ਨੂੰ ਵਿਦੇਸ਼ ਭੇਜਿਆ ਸੀ ਤਾਂ ਜੋ ਉਹ ਵਿਦੇਸ਼ ਜਾ ਕੇ ਲੜਕੇ ਨੂੰ ਵੀ ਆਪਣੇ ਨਾਲ ਲੈ ਜਾਵੇਗੀ ਪਰ ਵਿਦੇਸ਼ ਜਾ ਕੇ ਲਡ਼ਕੀ ਮੁੱਕਰ ਗਈ ਅਤੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ ਸਗੋਂ ਲੜਕੇ ਦੇ ਉੱਪਰ ਝੂਠਾ ਦਾਜ ਦਾ ਮਾਮਲਾ ਦਰਜ ਕਰਵਾ ਕੇ ਚੋਰੀ ਛਿਪੇ ਤਲਾਕ ਲੈਣ ਦੀ ਕੋਸ਼ਿਸ਼ ਕੀਤੀ। ਪੀਡ਼ਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਅਜਿਹੀ ਧੋਖੇਬਾਜ਼ ਲੜਕੀ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਡਿਪੋਰਟ ਕੀਤਾ ਜਾਵੇ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਲਡ਼ਕੇ ਲਵਪ੍ਰੀਤ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸਦਾ ਵਿਆਹ ਪਟਿਆਲਾ ਵਾਸੀ ਲੜਕੀ ਮਨਦੀਪ ਕੌਰ ਦੇ ਨਾਲ ਪੂਰੇ ਰੀਤੀ ਰਿਵਾਜਾਂ ਅਤੇ ਘਰਦਿਆਂ ਦੀ ਸਹਿਮਤੀ ਨਾਲ ਹੋਇਆ ਸੀ ਅਤੇ ਵਿਆਹ ਤੋਂ ਇਕ ਸਾਲ ਬਾਅਦ ਉਸ ਨੇ ਲੜਕੀ ਨੂੰ ਪੜ੍ਹਾਈ ਕਰਵਾ ਕੇ ਆਪਣੇ ਕੋਲੋਂ 25 ਤੋਂ 30 ਲੱਖ ਰੁਪਏ ਖਰਚ ਕਰ ਲੜਕੀ ਨੂੰ ਕੈਨੇਡਾ ਭੇਜਿਆ।

ਜਦ ਇਕ ਸਾਲ ਬਾਅਦ ਉਸ ਨੇ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਵਿਦੇਸ਼ ਬੁਲਾ ਲਵੇ ਤਾਂ ਉਸ ਨੇ ਕਈ ਬਹਾਨੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬਾਅਦ ਵਿੱਚ ਪਰਿਵਾਰ ਦੇ ਕਹਿਣ ਤੋਂ ਬਾਅਦ ਉਸ ਨੇ ਉਸ ਨੂੰ ਇਕ ਸਾਲ ਦਾ ਵੀਜ਼ਾ ਭੇਜ ਦਿੱਤਾ।

ਪੀੜਤ ਲੜਕੇ ਨੇ ਆਰੋਪ ਲਗਾਏ ਕਿ ਜਦੋਂ ਉਹ ਕੈਨੇਡਾ ਚਲਾ ਗਿਆ ਤਾਂ ਉਸਦੀ ਪਤਨੀ ਨੇ ਮਨਦੀਪ ਨੇ ਉਸਦੇ ਕੋਲੋਂ ਹੋਰ ਪੈਸਿਆਂ ਦੀ ਮੰਗ ਕਰਕੇ ਆਪਣੇ ਕਾਲਜ ਦੀਆਂ ਸਾਰੀਆਂ ਫੀਸਾਂ  ਭਰਵਾ ਲਈਆਂ। ਵੀਜ਼ਾ ਖਤਮ ਹੋਣ ਤੋਂ ਬਾਅਦ ਜਦ ਉਸ ਨੇ ਕਿਹਾ ਕਿ ਉਸ ਦਾ ਵੀਜ਼ਾ ਹੋਰ ਵਧਾਇਆ ਜਾਵੇ ਤਾਂ ਉਸਨੇ ਨੇ ਕਿਹਾ ਕਿ ਉਹ ਵੀਜ਼ਾ ਤਾਂ ਵਧਾਏਗੀ ਜਦ ਉਹ ਉਸ ਨੂੰ ਪੰਜ ਲੱਖ ਰੁਪਏ ਹੋਰ ਦੇਵੇਗਾ।

ਜਦ ਉਸ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਸਨੇ ਧਮਕੀ ਦਿੱਤੀ ਕਿ ਉਹ ਇੰਡੀਆ ਵਿੱਚ ਰਹਿ ਰਹੇ ਉਸਦੇ ਮਾਤਾ ਪਿਤਾ ਉੱਪਰ ਝੂਠਾ ਦਾਜ ਦਾ ਪਰਚਾ ਕਰਵਾ ਦੇਵੇਗੀ ਜਿਸ ਤੋਂ ਬਾਅਦ ਉਹ ਪਰੇਸ਼ਾਨ ਹੋ ਕੇ ਇੰਡੀਆ ਵਾਪਸ ਆ ਗਿਆ । ਜਿਸ ਤੋਂ ਬਾਅਦ ਲੜਕੀ ਨੇ ਉਸਦੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਅਤੇ ਜਦ ਉਹ ਇੰਡੀਆ ਵਾਪਿਸ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਕੁੜੀ ਦੇ ਮਾਤਾ ਪਿਤਾ ਨੇ ਤਲਾਕ ਦੇ ਕਾਗਜ਼ ਲਗਾਏ ਹੋਏ ਹਨ ਅਤੇ ਉਸਦੇ ਉਪਰ ਤਲਾਕ ਦਾ ਝੂਠਾ ਕੇਸ ਦਰਜ ਕਰਵਾਇਆ ਹੋਇਆ ਹੈ।

ਪੀਡ਼ਤ ਲਡ਼ਕੇ ਅਤੇ ਉਸਦੇ ਮਾਤਾ ਪਿਤਾ ਨੇ ਕਿਹਾ ਕਿ ਉਹ ਇਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਲੜਕੀ ਦੇ ਪਰਿਵਾਰ ਉੱਪਰ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਧੋਖੇਬਾਜ਼ ਲੜਕੀ ਅਤੇ ਉਸਦੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਅਤੇ ਲੜਕੀ ਨੂੰ ਵਿਦੇਸ਼ ਵਿਚੋਂ ਡਿਪੋਰਟ ਕੀਤਾ ਜਾਵੇ।