ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਦਾ ਰੋ-ਰੋ ਬੁਰਾ ਹਾਲ

photo

 

ਮਾਨਸਾ: ਪੰਜਾਬ ਵਿਚ ਹਰ ਦਿਨ ਨੌਜਵਾਨਾਂ ਦੀ ਨਸ਼ਿਆਂ ਦੀ ਓਵਰਡੋਜ਼ (Drug Overdose) ਨਾਲ ਮੌਤ ਹੋ ਜਾਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਨਸ਼ਿਆਂ ਦਾ ਕਾਰੋਬਾਰ ਘੱਟ ਹੋਣ ਦੀ ਬਜਾਏ ਹਰ ਰੋਜ਼ ਵਧਦਾ ਹੀ ਜਾ ਰਿਹਾ ਹੈ ਤੇ ਇਸਦੀ ਭੇਂਟ ਚੜ੍ਹ ਰਹੇ ਹਨ ਨੌਜਵਾਨ। ਅਜਿਹਾ ਹੀ ਇਕ ਮਾਮਲਾ ਮਾਨਸਾ ਦੇ ਪਿੰਡ ਬੀਰੇਵਾਲਾ ਜੱਟਾਂ ਤੋਂ ਸਾਹਮਣੇ ਆਇਆ ਹੈ ਜਿਥੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ।  ਮ੍ਰਿਤਕ ਦੀ ਪਹਿਚਾਣ ਹਰਜੀਤ ਸਿੰਘ (29) ਵਜੋਂ ਹੋਈ ਹੈ।  

 

 

ਮ੍ਰਿਤਕ ਦੀ ਪਤਨੀ ਗੁਰਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 1 ਜੁਲਾਈ ਨੂੰ ਹਰਜੀਤ ਦੇ 2 ਦੋਸਤ ਉਸਨੂੰ ਘਰੋਂ ਬੁਲਾ ਕੇ ਲੈ ਗਏ ਤੇ ਉਸਨੂੰ ਨਸ਼ੇ ਦੀ ਓਵਰਜਡੋਜ਼ ਦੇ ਕੇ ਕੱਸੀ ’ਤੇ ਸੁੱਟ ਕੇ ਫਰਾਰ ਹੋ ਗਏ। ਜਾਣਕਾਰੀ ਮਿਲਣ ਤੋਂ ਬਾਅਦ ਉਸਨੂੰ ਮਾਨਸਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਸਨੂੰ ਕੁਝ ਦਿਨ ਬਾਅਦ ਲੁਧਿਆਣਾ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿਸਨੂੰ ਉੱਥੋਂ ਛੁੱਟੀ ਦੇ ਦਿੱਤੀ ਗਈ ਤੇ ਵਾਪਸ ਘਰ ਆਉਂਦੇ ਸਮੇਂ ਰਸਤੇ ’ਚ ਮਾਨਸਾ ਕੋਲ ਉਸਦੀ ਮੌਤ ਹੋ ਗਈ।

 

ਜੌੜਕੀਆ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਪਿੰਡ ਬੀਰੇਵਾਲਾ ਦੇ 2 ਲੋਕਾਂ ਗਗਨਦੀਪ ਤੇ ਸੁਖਵਿੰਦਰ ਸਿੰਘ ਖ਼ਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਦੇ ਡੋਪ ਟੈਸਟ ਕਰਵਾਏ ਗਏ ਸਨ, ਜੋ ਕਿ ਪਾਜ਼ੇਟਿਵ ਪਾਏ ਗਏ ਹਨ। ਜਿਸ ਦੇ ਬਾਅਦ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜੌੜਕੀਆ ਥਾਣੇ ’ਚ ਦਰਜ ਮਾਮਲੇ ’ਚ ਉਕਤ ਦੋਵਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ। ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਦੇ ਇਲਾਵਾ ਨੌ ਸਾਲ ਦੇ ਬੇਟੇ ਨੂੰ ਛੱਡ ਗਿਆ ਹੈ।