ਅਦਾਲਤ ਦੀ ਮਾਣਹਾਨੀ ਮਾਮਲੇ 'ਚ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਹੋਈ ਜੇਲ੍ਹ 

ਏਜੰਸੀ

ਖ਼ਬਰਾਂ, ਪੰਜਾਬ

ਸੁਪਰੀਮ ਕੋਰਟ ਨੇ ਸੁਣਾਈ 4 ਮਹੀਨੇ ਦੀ ਜੇਲ੍ਹ ਤੇ 2000 ਰੁਪਏ ਜੁਰਮਾਨਾ  

Vijay mallya

4 ਹਫ਼ਤਿਆਂ ਦੇ ਅੰਦਰ ਵਿਆਜ ਸਮੇਤ 40 ਮਿਲੀਅਨ ਡਾਲਰ ਵਾਪਸ ਜਮ੍ਹਾ ਕਰਵਾਉਣ ਦੀ ਹਦਾਇਤ
ਅਜਿਹਾ ਨਾ ਹੋਣ ਦੀ ਸੂਰਤ 'ਚ ਵਿਜੇ ਮਾਲਿਆ ਦੀ ਜਾਇਦਾਦ ਹੋਵੇਗੀ ਕੁਰਕ 
ਨਵੀਂ ਦੱਲੀ :
ਸੁਪਰੀਮ ਕੋਰਟ ਵਲੋਂ ਭਗੌੜੇ ਕਾਰੋਬਾਰੀ ਵਿਜੇ ਮਾਲੀਆ ਨੂੰ 4 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ 2000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਵਿਜੇ ਮਾਲੀਆ 2017 ਵਿਚ ਅਦਾਲਤ ਤੋਂ ਜਾਣਕਾਰੀ ਰੋਕਣ ਲਈ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਪਾਇਆ ਗਿਆ ਸੀ।

ਸੁਪਰੀਮ ਕੋਰਟ ਨੇ ਵਿਜੇ ਮਾਲਿਆ ਨੂੰ ਚਾਰ ਹਫ਼ਤਿਆਂ ਦੇ ਅੰਦਰ ਵਿਆਜ ਸਮੇਤ 40 ਮਿਲੀਅਨ ਡਾਲਰ ਵਾਪਸ ਜਮ੍ਹਾ ਕਰਵਾਉਣ ਲਈ ਕਿਹਾ ਅਤੇ ਜੇਕਰ ਉਹ ਅਜਿਹਾ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਉਸ ਦੀ  ਜਾਇਦਾਦ ਕੁਰਕ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ  ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ 9,000 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਕਰਜ਼ੇ ਦੇ ਡਿਫਾਲਟ ਮਾਮਲੇ 'ਚ ਦੋਸ਼ੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਮਾਣਹਾਨੀ ਦੇ ਮਾਮਲੇ 'ਚ ਚਾਰ ਮਹੀਨੇ ਦੀ ਸਜ਼ਾ ਸੁਣਾਈ ਹੈ।

 ਜਸਟਿਸ ਲਲਿਤ, ਜਸਟਿਸ ਐਸ ਰਵਿੰਦਰ ਭੱਟ ਅਤੇ ਜਸਟਿਸ ਪੀਐਸ ਨਰਸਿਮਹਾ ਦੀ ਬੈਂਚ ਨੇ 10 ਮਾਰਚ ਨੂੰ ਕੇਸ ਵਿੱਚ ਸਜ਼ਾ ਦੀ ਸੀਮਾ ਤੈਅ ਕਰਨ ਬਾਰੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਕਿਹਾ ਸੀ ਕਿ ਮਾਲਿਆ ਖ਼ਿਲਾਫ਼ ਮੁਕੱਦਮੇ ਵਿੱਚ ਕੋਈ ਸੁਧਾਰ ਨਹੀਂ ਹੋ ਸਕਦਾ। ਸੁਪਰੀਮ ਕੋਰਟ ਨੇ ਕਈ ਪਹਿਲੂਆਂ 'ਤੇ ਸੀਨੀਅਰ ਵਕੀਲ ਅਤੇ ਐਮੀਕਸ ਕਿਊਰੀ ਜੈਦੀਪ ਗੁਪਤਾ ਦੀਆਂ ਦਲੀਲਾਂ ਸੁਣੀਆਂ, ਜਿਸ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ।

ਇਸ ਤੋਂ ਪਹਿਲਾਂ ਬੈਂਚ ਨੇ ਮਾਲਿਆ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੂੰ 15 ਮਾਰਚ ਤੱਕ ਆਪਣੀਆਂ ਲਿਖਤੀ ਦਲੀਲਾਂ ਪੇਸ਼ ਕਰਨ ਦੀ ਇਜਾਜ਼ਤ ਵੀ ਦਿੱਤੀ ਸੀ। ਪਰ ਮਾਲਿਆ ਦੇ ਵਕੀਲ ਨੇ 10 ਮਾਰਚ ਨੂੰ ਕਿਹਾ ਸੀ ਕਿ ਬ੍ਰਿਟੇਨ 'ਚ ਰਹਿ ਰਹੇ ਵਿਜੇ ਮਾਲਿਆ ਤੋਂ ਕੋਈ ਨਿਰਦੇਸ਼ ਨਹੀਂ ਮਿਲਿਆ ਹੈ। ਅਜਿਹੇ 'ਚ ਉਹ ਮਾਣਹਾਨੀ ਮਾਮਲੇ 'ਚ ਦਿੱਤੀ ਜਾਣ ਵਾਲੀ ਸਜ਼ਾ ਦੀ ਮਿਆਦ ਨੂੰ ਲੈ ਕੇ ਮਾਲਿਆ ਦਾ ਪੱਖ ਪੇਸ਼ ਕਰਨ 'ਚ ਬੇਵੱਸ ਹਨ।