ਮੱਤੇਵਾੜਾ ਜੰਗਲ 'ਚ ਨਹੀਂ ਬਣੇਗਾ ਇੰਡਸਟਰੀ ਪਾਰਕ, CM ਮਾਨ ਨੇ ਕੀਤਾ ਐਲਾਨ
CM ਮਾਨ ਨੇ ਰੱਦ ਕੀਤਾ ਇੰਡਸਟਰੀ ਪਾਰਕ ਬਣਾਉਣ ਦਾ ਫ਼ੈਸਲਾ
ਚੰਡੀਗੜ੍ਹ: ਮੱਤੇਵਾੜਾ ਜੰਗਲ ਵਿਚ ਇੰਡਸਟਰੀ ਪਾਰਕ ਨਹੀਂ ਲਗੇਗਾ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਕੋਈ ਵੀ ਇੰਡਸਟਰੀ ਪਾਰਕ ਨਹੀਂ ਲਗਾਇਆ ਜਾਵੇਗਾ।
ਦੱਸ ਦੇਈਏ ਕਿ ਬੀਤੇ ਕੱਲ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਇਕੱਠ ਹੋਇਆ ਸੀ ਅਤੇ ਲਗਾਤਾਰ ਇਹ ਇੰਡਸਟਰੀ ਪਾਰਕ ਨਾ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਸੀ। ਜਿਸ ਦੇ ਚਲਦੇ ਅੱਜ ਹੋਈ ਪਬਲਿਕ ਐਕਸ਼ਨ ਕਮੇਟੀ ਦੀ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਇੰਡਸਟਰੀ ਪਾਰਕ ਲਗਾਉਣ ਵਾਲਾ ਫ਼ੈਸਲਾ ਰੱਦ ਕਰ ਦਿਤਾ ਹੈ।
MP ਗੁਰਜੀਤ ਔਜਲਾ ਦੀ CM ਮਾਨ ਨੂੰ ਅਪੀਲ
ਇਸ ਤੋਂ ਪਹਿਲਾਂ ਕਾਂਗੜ MP ਗੁਰਜੀਤ ਸਿੰਘ ਔਜਲਾ ਨੇ ਵੀ ਅਪੀਲ ਕੀਤੀ ਸੀ ਕਿ ਇਹ ਇੰਡਸਟਰੀ ਮੱਤੇਵਾੜਾ ਵਿਚ ਨਹੀਂ ਲੱਗਣੀ ਚਾਹੀਦੀ। ਇਸ ਬਾਰੇ ਉਨ੍ਹਾਂ ਟਵੀਟ ਕੀਤਾ, ''ਭਗਵੰਤ ਮਾਨ ਜੀ, ਮੱਤੇਵਾੜਾ ਜੰਗਲ 'ਚ ਇੰਡਸਟਰੀ ਪਾਰਕ ਨਾ ਬਣਾਓ। ਪਾਕਿਸਤਾਨ ਨਾਲ ਲੱਗਦੇ ਸਾਡੇ ਸਰਹੱਦੀ ਖੇਤਰ ਵਿਚ ਗ਼ਰੀਬੀ ਅਤੇ ਬੇਰੁਜ਼ਗਾਰੀ ਬਹੁਤ ਹੈ। ਇਹ ਇੰਡਸਟਰੀ ਪਾਰਕ ਸਰਹੱਦੀ ਖੇਤਰ ਵਿਚ ਮਨਜ਼ੂਰ ਕਰੋ। ਸੂਬਾ ਸਰਕਾਰ ਟੈਕਸ ਰਿਆਇਤਾਂ ਦੇਣ ਦਾ ਪ੍ਰਬੰਧ ਕਰੇ। ਅਸੀਂ ਹਮੇਸ਼ਾ ਜੰਗਾਂ 'ਚ ਉੱਜੜੇ ਹਾਂ, ਸਾਡੇ ਭਵਿੱਖ ਬਾਰੇ ਵੀ ਸੋਚੋ।''