ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਵਾਲੇ ਸੇਵਾਮੁਕਤ DIG ਖੱਟੜਾ ਨੇ ਖੋਲ੍ਹੀਆਂ ਪਰਤਾਂ, ਪੜ੍ਹੋ ਕਿਵੇਂ ਕੀਤੀ ਸੀ ਜਾਂਚ!

ਏਜੰਸੀ

ਖ਼ਬਰਾਂ, ਪੰਜਾਬ

ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਬੇਅਦਬੀ ਦੀਆਂ ਘਟਨਾਵਾਂ ਅਤੇ ਮੌੜ ਬੰਬ ਧਮਾਕੇ ਦੀ ਜਾਂਚ 'ਚ ਹੋਈ ਤੇਜ਼ੀ : ਸੇਵਾਮੁਕਤ DIG ਖੱਟੜਾ 

Retd DIG R.S. Khatra

ਚੰਡੀਗੜ੍ਹ : ਜਿਸਮਾਨੀ ਸ਼ੋਸ਼ਣ ਅਤੇ ਕਤਲ ਦੇ ਦੋਸ਼ੀ ਸੌਦਾ ਸਾਧ ਦੀ ਅਗਵਾਈ ਵਾਲੇ ਡੇਰਾ ਸਿਰਸਾ ਦੇ ਤਿੰਨ ਪੈਰੋਕਾਰਾਂ ਨੂੰ ਮੋਗਾ ਅਦਾਲਤ ਵਲੋਂ ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਇਹ ਫੈਸਲਾ ਬੀਤੀ 8 ਜੁਲਾਈ ਨੂੰ ਦਿਤਾ ਸੀ ਜਿਸ ਦਾ ਸਿਹਰਾ ਸਿਆਸੀ ਪਾਰਟੀਆਂ ਆਪਣੇ ਸਿਰ ਲੈ ਰਹੀਆਂ ਹਨ। ਦੱਸ ਦੇਈਏ ਕਿ ਇਸ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਡੇਰਾ ਪ੍ਰੇਮੀ ਅਮਰਦੀਪ ਸਿੰਘ ਦੀਪਾ, ਪਿਰਥੀ ਸਿੰਘ ਅਤੇ ਮਿੱਠੂ ਸਿੰਘ ਮਾਨ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਤੋਂ ਇਲਾਵਾ ਦਵਿੰਦਰ ਸਿੰਘ ਅਤੇ ਸਤਨਾਮ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਰਣਬੀਰ ਸਿੰਘ ਖੱਟੜਾ ਦੀ ਐਸਆਈਟੀ ਨੇ ਕੀਤੀ ਸੀ। ਇੱਕ ਨਿੱਜੀ ਅਦਾਰੇ ਨਾਲ ਗੱਲਬਾਤ ਕਰਦਿਆਂ ਜਾਂਚ ਦੀ ਅਗਵਾਈ ਕਰਨ ਵਾਲੇ ਸਾਬਕਾ DIG ਖੱਟੜਾ ਨੇ ਵਿਸਥਾਰ ਵਿਚ ਜਾਣਕਾਰੀ ਦਿਤੀ ਕਿ ਜਾਂਚ ਦੌਰਾਨ ਉਨ੍ਹਾਂ ਨੂੰ ਕਿਨ੍ਹਾ ਪੜਾਵਾਂ ਵਿਚੋਂ ਲੰਘਣਾ ਪਿਆ। 

ਦੱਸਣਯੋਗ ਹੈ ਕਿ ਨਵੰਬਰ 2015 ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿੱਲਰੇ ਹੋਏ ਅੰਗ ਮੋਗਾ ਦੇ ਪਿੰਡ ਮੱਲਕੇ ਦੀਆਂ ਸੜਕਾਂ 'ਤੇ ਮਿਲੇ ਸਨ, ਜਿਸ ਨਾਲ ਪੰਜਾਬ ਭਰ ਵਿੱਚ ਰੋਸ ਪੈਦਾ ਹੋਇਆ ਸੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਦੰਡਾਵਲੀ ਦੀ ਧਾਰਾ 295ਏ (ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਇਰਾਦੇ ਨਾਲ) ਅਤੇ 295 (ਧਰਮ ਦਾ ਅਪਮਾਨ ਕਰਨ ਦੇ ਇਰਾਦੇ ਨਾਲ) ਤਹਿਤ ਮਾਮਲਾ ਦਰਜ ਕੀਤਾ ਸੀ।

ਤਤਕਾਲੀ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (DIG) ਰਣਬੀਰ ਸਿੰਘ ਖੱਟੜਾ, ਜੋ ਹੁਣ ਸੇਵਾਮੁਕਤ ਹੋ ਚੁੱਕੇ ਹਨ, ਨੇ ਨਾ ਸਿਰਫ਼ ਮੱਲਕੇ ਬੇਅਦਬੀ ਮਾਮਲੇ ਦੀ ਜਾਂਚ ਦੀ ਅਗਵਾਈ ਕੀਤੀ, ਸਗੋਂ ਉਨ੍ਹਾਂ ਦੀਆਂ ਖੋਜਾਂ ਨੇ ਪੰਜਾਬ ਸਰਕਾਰ ਨੂੰ 2015 ਦੇ ਬਰਗਾੜੀ ਬੇਅਦਬੀ ਮਾਮਲੇ ਨੂੰ 2018 ਵਿੱਚ ਸੀ.ਬੀ.ਆਈ. ਤੋਂ ਵਾਪਸ ਲੈਣ ਦੀ ਅਗਵਾਈ ਵੀ ਕੀਤੀ। ਉਨ੍ਹਾਂ ਨੇ  2017 ਦੇ ਮੌੜ ਬੰਬ ਧਮਾਕੇ ਮਾਮਲੇ ਨੂੰ ਵੀ ਸੁਲਝਾਇਆ। ਡੀਆਈਜੀ ਖੱਟੜਾ ਨੇ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਸ਼ੁਰੂ ਕੀਤੀ, ਕਾਂਗਰਸ ਸਰਕਾਰ ਵੇਲੇ ਇਨ੍ਹਾਂ 'ਤੇ ਸ਼ਿਕੰਜਾ ਕੱਸਿਆ ਅਤੇ ਮੌਜੂਦਾ 'ਆਪ' ਸਰਕਾਰ ਦੇ ਕਾਰਜਕਾਲ ਦੌਰਾਨ ਇਨ੍ਹਾਂ ਕੇਸਾਂ ਵਿੱਚ ਸਜ਼ਾਵਾਂ ਵੀ ਹੋਈਆਂ। 

ਇੱਕ ਨਿੱਜੀ ਅਦਾਰੇ ਨਾਲ ਗੱਲਬਾਤ ਕਰਦਿਆਂ ਸੇਵਾਮੁਕਤ DIG ਰਣਬੀਰ ਸਿੰਘ ਖੱਟੜਾ ਨੇ ਉਨ੍ਹਾਂ ਮਾਮਲਿਆਂ ਬਾਰੇ ਗੱਲ ਕੀਤੀ ਜਿਨ੍ਹਾਂ ਨੇ ਪਿਛਲੇ ਸੱਤ ਸਾਲਾਂ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਸੀ ਕਿ ਮੱਲਕੇ, ਗੁਰੂਸਰ ਭਗਤਾ, ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ 20 ਕਿਲੋਮੀਟਰ ਦੇ ਦਾਇਰੇ ਵਿੱਚ ਸਨ ਜਿੱਥੇ 2015 ਦੇ ਇਸੇ ਅਰਸੇ ਦੌਰਾਨ ਮੁੱਢਲੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਸਨ।

ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਸੀ ਕਿ ਇਨ੍ਹਾਂ ਕੇਸਾਂ ਦੀ ਤਾਰ ਆਪਸ ਵਿਚ ਜੁੜਦੀ ਹੈ ਅਤੇ ਇਹ ਇੱਕ ਸਾਜ਼ਿਸ਼ ਸੀ। ਬਾਅਦ ਵਿੱਚ ਮੈਂ ਪੰਜਾਬ ਵਿੱਚ ਮੌੜ ਬੰਬ ਧਮਾਕੇ ਅਤੇ ਟਾਰਗੇਟ ਕਿਲਿੰਗ ਦੀ ਜਾਂਚ ਵਿੱਚ ਵੀ ਸ਼ਾਮਲ ਹੋ ਗਿਆ। 2017 ਦੇ ਅੱਧ ਵਿੱਚ, ਸਾਨੂੰ ਮੌੜ ਬੰਬ ਧਮਾਕੇ ਦੇ ਮਾਮਲੇ ਵਿੱਚ ਡੇਰਾ ਸਿਰਸਾ ਵੱਲ ਇਸ਼ਾਰਾ ਕਰਨ ਵਾਲੀਆਂ ਲੀਡਾਂ ਮਿਲੀਆਂ। ਅਸੀਂ ਜਨਵਰੀ 2018 ਵਿੱਚ ਕੇਸ ਨੂੰ ਹੱਲ ਕੀਤਾ। ਖੱਟੜਾ ਨੇ ਦੱਸਿਆ ਕਿ ਇਨ੍ਹਾਂ ਨੇ ਹੀ ਸਾਨੂੰ ਮੱਲਕੇ ਅਤੇ ਬਰਗਾੜੀ ਸਮੇਤ ਹੋਰ ਬੇਅਦਬੀ ਮਾਮਲਿਆਂ ਦੇ ਪਿੱਛੇ ਦੀ ਸਾਜ਼ਿਸ਼ ਨੂੰ ਜੂਨ 2018 ਵਿੱਚ ਬੇਨਕਾਬ ਕਰਨ ਲਈ ਹੋਰ ਸੁਰਾਗ ਪ੍ਰਾਪਤ ਕਰਨ ਵਿੱਚ ਮਦਦ ਕੀਤੀ।

ਅੱਗੇ ਜਾਣਕਾਰੀ ਦਿੰਦਿਆਂ ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਨਵੰਬਰ 2015 ਵਿੱਚ ਹੀ ਜਾਂਚ ਦਾ ਚਾਰਜ ਮਿਲਿਆ ਸੀ। ਉਸ ਤੋਂ ਪਹਿਲਾਂ ਕਈ ਗੱਲਾਂ ਕਹੀਆਂ ਅਤੇ ਕੀਤੀਆਂ ਗਈਆਂ ਸਨ। ਸ਼ੁਰੂ ਵਿੱਚ, ਅਸੀਂ ਲਗਭਗ 10 ਮਹੀਨਿਆਂ ਤੱਕ ਕੁਝ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਬੇਅਦਬੀ ਲਈ ਜਾਂਚ ਕੀਤੀ। ਇਸ 'ਤੇ ਸਾਲ 2016 ਬਰਬਾਦ ਹੋ ਗਿਆ। ਇਹ ਸੱਚ ਹੈ ਕਿ ਸ਼ੁਰੂਆਤੀ ਤੌਰ 'ਤੇ ਗਲਤ ਸੂਚਨਾਵਾਂ ਕਾਰਨ ਜਾਂਚ ਸਹੀ ਸੇਧ ਨਾ ਲੈ ਸਕੀ।

ਸ਼੍ਰੋਮਣੀ ਅਕਾਲੀ ਦਲ ਅਤੇ ਡੇਰਾ ਸਿਰਸਾ ਦੀ ਨੇੜਤਾ ਬਾਰੇ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਅਕਾਲੀ ਸਰਕਾਰ ਸੀ ਪਰ ਡੇਰੇ ਨਾਲ ਨੇੜਤਾ ਦਾ ਸਿੱਧੇ ਤੌਰ 'ਤੇ ਕੋਈ ਦਖ਼ਲ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਵੀ ਸੱਚ ਹੈ ਕਿ ਅਗਸਤ 2017 ਵਿੱਚ ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੀ ਡੇਰੇ ਦੀ ਦਹਿਸ਼ਤ ਘੱਟ ਗਈ ਸੀ। 2015 ਦੀ ਬੇਅਦਬੀ ਦੀਆਂ ਘਟਨਾਵਾਂ ਅਤੇ 2017 ਦੇ ਮੌੜ ਬੰਬ ਧਮਾਕੇ ਦੀ ਸਾਡੀ ਜਾਂਚ ਡੇਰਾ ਸਿਰਸਾ ਦੇ ਮੁਖੀ ਨੂੰ ਬਲਾਤਕਾਰ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤੇਜ਼ੀ ਨਾਲ ਅੱਗੇ ਵਧਣੀ ਸ਼ੁਰੂ ਹੋ ਗਈ।

ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਇਨ੍ਹਾਂ ਮਾਮਲਾ ਦੀ ਜਾਂਚ 'ਤੇ ਡੇਰੇ ਦਾ ਕੋਈ ਅਸਰ ਨਹੀਂ ਸੀ ਪਰ ਇਸ ਤੋਂ ਪਹਿਲਾਂ ਡੇਰਾ ਅਧਿਕਾਰੀਆਂ ਨੇ ਸਬੰਧਤ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਦਿੱਤੀਆਂ ਗਈਆਂ ਜ਼ਮਾਨਤਾਂ ਦੀ ਭੰਡੀ ਕੀਤੀ। ਉਨ੍ਹਾਂ ਨੇ ਸੱਤਾ 'ਤੇ ਕਾਬਜ਼ ਉੱਚ ਨੁਮਾਇੰਦਿਆਂ ਤੱਕ ਪਹੁੰਚ ਕੀਤੀ । ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਹੈੱਡਕੁਆਰਟਰ ਵਿਖੇ ਡੇਰੇ ਵੱਲੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਬੁਲਾਇਆ ਜਾਂਦਾ।

ਉਸ ਸਮੇਂ ਡੇਰੇ ਦਾ ਪ੍ਰਭਾਵ ਅਜਿਹਾ ਸੀ ਕਿ ਜਦੋਂ 2016 ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਇੱਕ ਡੇਰਾ ਪੈਰੋਕਾਰ ਗੁਰਦੇਵ ਸਿੰਘ ਦਾ ਕਤਲ ਹੋਇਆ ਤਾਂ ਡੇਰੇ ਨੇ ਉਸ ਦੀ ਪਤਨੀ ਨੂੰ ਨੌਕਰੀ ਦੇਣ ਲਈ ਸਰਕਾਰ ਅਤੇ ਪ੍ਰਸ਼ਾਸਨ ਦੀ ਬਾਂਹ ਮਰੋੜੀ। ਬਾਅਦ ਵਿੱਚ ਪਤਾ ਲੱਗਾ ਕਿ ਗੁਰਦੇਵ ਸਿੰਘ ਨੇ ਜੂਨ 2015 ਵਿੱਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 

ਜਾਂਚ ਬਾਰੇ ਅੱਗੇ ਜਾਣਕਾਰੀ ਦਿੰਦਿਆਂ ਖੱਟੜਾ ਨੇ ਦੱਸਿਆ ਕਿ ਭਾਵੇਂ ਇਹ ਮੰਨਿਆ ਜਾ ਰਿਹਾ ਸੀ ਕਿ ਗੁਰਦੇਵ ਸਿੰਘ 2015 ਦੇ ਬੇਅਦਬੀ ਮਾਮਲਿਆਂ ਵਿਚ ਸ਼ਾਮਲ ਹੈ ਪਰ ਸਾਨੂੰ ਕਾਨੂੰਨ ਮੁਤਾਬਿਕ ਕੰਮ ਕਰਨੇ ਪੈਂਦੇ ਹਨ। ਅਪਰਾਧੀ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਅੱਗੇ ਲੈ ਕੇ ਜਾਣ ਲਈ ਮੈਂ ਮੁਲਜ਼ਮਾਂ ਨੂੰ ਜੇਲ੍ਹ ਵਿੱਚ ਮਿਲਿਆ ਪਰ ਉਹ ਸਾਨੂੰ ਕੋਈ ਵੀ ਸਬੰਧਤ ਜਾਣਕਾਰੀ ਨਹੀਂ ਦੇ ਸਕੇ। ਉਕਤ ਮੁਲਜ਼ਮਾਂ ਦਾ ਮੰਨਣਾ ਸੀ ਕਿ ਬੇਅਦਬੀ ਤੋਂ ਬਾਅਦ ਗੁਰਦੇਵ ਸਿੰਘ ਦੇ ਚਾਲ-ਚਲਣ ਨੂੰ ਲੈ ਕੇ ਸ਼ੱਕ ਦੇ ਆਧਾਰ 'ਤੇ ਉਹ ਸ਼ਾਮਲ ਸੀ।

ਕਿਸੇ ਨੇ ਵੀ ਜਾਂਚ ਵਿਚ ਮਦਦ ਨਹੀਂ ਕੀਤੀ। ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਇਨ੍ਹਾਂ ਵਿਚ ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਸੀ। ਮੈਂ ਪੂਰੀ ਰਫ਼ਤਾਰ ਨਾਲ ਜਾਂਚ ਕਰ ਰਿਹਾ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਡੇਰਾ ਸਿਰਸਾ ਦੇ ਪੈਰੋਕਾਰਾਂ ਵੱਲੋਂ ਪਾਈ ਪਟੀਸ਼ਨ 'ਤੇ ਮੈਨੂੰ ਜਾਂਚ ਤੋਂ ਹਟਾ ਦਿੱਤਾ। ਡੇਰਾ ਮੁਖੀ ਦੇ ਨਿੱਜੀ ਸੁਰੱਖਿਆ ਸਲਾਹਕਾਰ ਅਮਰੀਕ, ਡੇਰੇ ਦੀ ਕਾਰ ਵਰਕਸ਼ਾਪ ਦਾ ਮੁਖੀ ਕਾਲਾ ਅਤੇ ਡੇਰੇ ਦਾ ਇਲੈਕਟ੍ਰੀਸ਼ੀਅਨ ਅਵਤਾਰ, ਜਿਸ ਨੇ ਬੰਬ ਬਣਾਉਣ ਲਈ ਵਰਤੀ ਗਈ ਬੈਟਰੀ ਖਰੀਦੀ ਸੀ, ਦੋਸ਼ੀ ਸਨ। ਅਮਰੀਕ ਕਾਰ ਲੈ ਕੇ ਆਇਆ ਸੀ ਅਤੇ ਕਾਲਾ ਨੇ ਇਸ ਨੂੰ ਧਮਾਕੇ ਵਿਚ ਵਰਤਣ ਤੋਂ ਪਹਿਲਾਂ ਤਿਆਰ ਕੀਤਾ ਸੀ। ਅਦਾਲਤ ਨੇ ਤਿੰਨਾਂ ਨੂੰ ਭਗੌੜਾ (PO) ਐਲਾਨਿਆ ਹੈ।

ਸੌਦਾ ਸਾਧ ਨੂੰ ਮਿਲੀ ਪੈਰੋਲ ਦਾ ਜਾਂਚ 'ਤੇ ਹੋਣ ਵਾਲੇ ਅਸਰ ਬਾਰੇ ਜਦੋਂ ਉਨ੍ਹਾਂ ਨੂੰ ਪੁਸ਼ਿਆ ਗਿਆ ਤਾਂ ਖੱਟੜਾ ਨੇ ਇਸ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ। ਪਰ ਡੇਰਾ ਸਿਰਸਾ ਦੇ ਤਿੰਨ ਕਮੇਟੀ ਮੈਂਬਰ - ਹਰਸ਼ ਧੂਰੀ, ਪਰਦੀਪ ਕਲੇਰ ਅਤੇ ਸੰਦੀਪ ਬਰੇਟਾ  ਨੂੰ ਬੇਅਦਬੀ ਦੇ ਮਾਮਲਿਆਂ ਵਿੱਚ ਭਗੋੜਾ ਐਲਾਨਿਆ ਗਿਆ ਹੈ।  ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਲਿਕਾਉਂ ਲਈ ਕੁਝ ਨਹੀਂ ਹੈ ਤਾਂ ਉਹ ਕਾਨੂੰਨ ਤੋਂ ਕਿਉਂ ਭੱਜ ਰਹੇ ਹਨ? ਡੇਰਾ ਮੁਖੀ ਨੇ ਬਿਆਨ ਦਿੱਤਾ ਸੀ ਕਿ ਡੇਰਾ ਕਾਨੂੰਨ ਦੀ ਪਾਲਣਾ ਕਰਦਾ ਹੈ। ਫਿਰ ਉਹ ਆਪਣੇ ਪੈਰੋਕਾਰਾਂ ਨੂੰ ਸਮਰਪਣ ਕਰਨ ਲਈ ਕਿਉਂ ਨਹੀਂ ਕਹਿ ਰਿਹਾ?