ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਪਿੰਡ ਬੱਦੋਵਾਲ ਵਿਚ ਘਰ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿੰਦਰ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਕਰੀਬ 75 ਵਰ੍ਹੇ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਚਿਤਕਾਰਾ ਯੂਨੀਵਰਸਿਟੀ ਦੀ ਕੰਟੀਨ ਹੋਈ ਜਲ-ਥਲ! ਭਰੇ ਪਾਣੀ ਵਿਚ ਖਾਣਾ ਲੈਣ ਲਈ ਮਜਬੂਰ ਵਿਦਿਆਰਥੀ?
ਇਸ ਬਾਰੇ ਮ੍ਰਿਤਕ ਮਹਿੰਦਰ ਸਿੰਘ ਦੇ ਪੁੱਤਰ ਹਰਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਬੀਤੀ ਰਾਤ ਉਹ ਕੰਮ ਤੋਂ ਆਇਆ ਅਤੇ ਅਪਣੇ ਪਿਤਾ ਨੂੰ ਰੋਟੀ ਦਿਤੀ। ਰੋਟੀ ਖਾਨ ਮਗਰੋਂ ਉਹ ਅਲਗ ਕਮਰੇ ਵਿਚ ਸੌਂ ਗਏ ਪਰ ਜਦੋਂ ਅਗਲੀ ਸਵੇਰ ਉੱਠ ਕੇ ਦੇਖਿਆ ਤਾਂ ਉਨ੍ਹਾਂ ਦੇ ਘਰ ਦੀ ਛੱਤ ਡਿਗੀ ਹੋਈ ਸੀ ਅਤੇ ਉਸ ਦੇ ਪਿਤਾ ਜੀ ਦੀ ਮੌਤ ਹੋ ਚੁੱਕੀ ਸੀ।
ਹਰਜੀਤ ਸਿੰਘ ਦਾ ਕਹਿਣਾ ਹੈ ਕਿ ਘਰ ਵਿਚ ਉਹ ਅਤੇ ਉਨ੍ਹਾਂ ਦੇ ਪਿਤਾ ਹੀ ਰਹਿੰਦੇ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਦਸਿਆ ਕਿ ਮਲਬੇ ਹੇਠ ਦੱਬਣ ਕਾਰਨ ਮਹਿੰਦਰ ਸਿੰਘ ਦੀ ਮੌਤ ਹੋ ਗਈ ਹੈ ਅਤੇ ਘਰ ਦੀ ਹਾਲਤ ਵੀ ਖਸਤਾ ਹੈ। ਹੁਣ ਹਰਜੀਤ ਸਿੰਘ ਘਰ ਵਿਚ ਇਕੱਲਾ ਰਹਿ ਗਿਆ ਹੈ ਅਤੇ ਦਿਹਾੜੀ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਰਜੀਤ ਸਿੰਘ ਦੀ ਮਾਲੀ ਸਹਾਇਤਾ ਕੀਤੀ ਜਾਵੇ।