ਮਨੁੱਖ ਦੁਆਰਾ ਕੀਤੀਆਂ ਅਣਗਹਿਲੀਆਂ ਨੇ ਕੁਦਰਤੀ ਆਫ਼ਤ ਨੂੰ ਦੁੱਗਣਾ ਕੀਤਾ ਹੈ - ਅਮਰਿੰਦਰ ਸਿੰਘ ਰਾਜਾ ਵੜਿੰਗ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਦੇਸ਼ ਕਾਂਗਰਸ ਦੇ ਮੁਖੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ, ਪੂਰਨ ਸਹਿਯੋਗ ਦਾ ਭਰੋਸਾ ਦਿੱਤਾ

Man-made negligence has doubled the natural calamity - Amarinder Singh Raja Waring

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਨੂੜ, ਸ਼ੰਭੂ, ਘਨੌਰ, ਦੇਵੀਗੜ੍ਹ, ਧਰਮੇੜੀ (ਨਯਾ ਗਾਉਂ), ਪਟਿਆਲਾ ਅਤੇ ਰਾਜਪੁਰਾ ਸਮੇਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ। 

ਸੂਬਾ ਕਾਂਗਰਸ ਪ੍ਰਧਾਨ ਨੇ ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ 'ਤੇ ਸਥਿਤੀ ਨੂੰ ਸੰਭਾਲਣ 'ਚ ਨਾਕਾਮ ਰਹਿਣ 'ਤੇ ਉਂਗਲ ਉਠਾਉਂਦੇ ਹੋਏ ਕਿਹਾ ਕਿ ਯੋਗ ਅਤੇ ਤਜਰਬੇਕਾਰ ਲੀਡਰਸ਼ਿਪ ਦੀ ਅਣਹੋਂਦ 'ਚ ਭਗਵੰਤ ਮਾਨ ਦੀ ਅਣਗਹਿਲੀ ਨੇ ਕੁਦਰਤੀ ਆਫ਼ਤ ਨੂੰ ਹੋਰ ਵਧਾ ਦਿੱਤਾ ਹੈ। 'ਆਪ' ਸਰਕਾਰ ਨਾ ਸਿਰਫ਼ ਸਥਿਤੀ ਨੂੰ ਸੰਭਾਲਣ 'ਚ ਨਾਕਾਮ ਰਹੀ ਹੈ ਸਗੋਂ ਹੜ੍ਹ ਪੀੜਤਾਂ ਨੂੰ ਸਮੇਂ ਸਿਰ ਰਾਹਤ, ਸਹਾਇਤਾ ਅਤੇ ਮੁੜ ਵਸੇਬਾ ਮੁਹੱਈਆ ਕਰਵਾਉਣ 'ਚ ਵੀ ਵਿਨਾਸ਼ਕਾਰੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ 'ਫੋਕੀ ਮਸ਼ੂਹਰੀਆਂ ਵਾਲੀ ਸਰਕਾਰ' ਸਿਰਫ਼ ਖੋਖਲੇ ਵਾਅਦੇ ਕਰ ਰਹੀ ਹੈ ਅਤੇ ਪੀੜਤਾਂ ਨੂੰ ਮੁੜ ਧੋਖਾ ਦੇ ਰਹੀ ਹੈ।

ਇਸ ਵਿਨਾਸ਼ਕਾਰੀ ਸਥਿਤੀ 'ਤੇ ਚਿੰਤਾ ਜ਼ਾਹਰ ਕਰਦਿਆਂ ਵੜਿੰਗ ਨੇ ਕਿਹਾ ਕਿ ਸੂਬੇ ਦੀ ਸੱਤਾਧਾਰੀ ਲੀਡਰਸ਼ਿਪ ਨੇ ਨਹਿਰਾਂ ਦੀ ਸਾਂਭ-ਸੰਭਾਲ ਨੂੰ ਜਾਣਬੁੱਝ ਕੇ ਅਣਗੌਲਿਆ ਕੀਤਾ ਹੈ, ਜਿਸ ਕਾਰਨ ਲਗਾਤਾਰ ਬਾਰਸ਼ਾਂ ਦਾ ਅਸਰ ਕਈ ਇਲਾਕਿਆਂ 'ਚ ਹੜ੍ਹਾਂ ਦਾ ਰੂਪ ਧਾਰਨ ਕਰ ਗਿਆ ਹੈ। ਨਹਿਰਾਂ ਵਿੱਚ ਵਧੀ ਹੋਈ ਬੂਟੀ ਇਸ ਗੱਲ ਦਾ ਪਰਦਾਫਾਸ਼ ਕਰਦੀ ਹੈ ਕਿ ਕਿਵੇਂ 'ਆਪ' ਨੇ ਨਹਿਰਾਂ ਦੇ ਰੱਖ-ਰਖਾਅ ਨੂੰ ਨਜ਼ਰਅੰਦਾਜ਼ ਕੀਤਾ ਜਿਸ ਕਾਰਨ ਸਹੀ ਨਿਕਾਸੀ ਦੀ ਘਾਟ ਵਾਲੇ ਖੇਤਰਾਂ ਵਿੱਚ ਹੜ੍ਹ ਆ ਗਏ। ਉਸਨੇ ਅੱਗੇ ਕਿਹਾ ਕਿ ਮਨੁੱਖ ਦੁਆਰਾ ਬਣਾਈ ਗਈ ਇੱਕ ਗਲਤੀ ਨੇ ਇੱਕ ਕੁਦਰਤੀ ਆਫ਼ਤ ਨੂੰ ਵਧਾ ਦਿੱਤਾ ਅਤੇ ਲੱਖਾਂ ਜ਼ਿੰਦਗੀਆਂ 'ਤੇ ਮਾੜਾ ਪ੍ਰਭਾਵ ਪਾਇਆ।

ਸੂਬਾ ਪ੍ਰਧਾਨ ਨੇ ਇਲਾਕੇ ਦੇ ਆਪਣੇ ਦੌਰੇ ਦੌਰਾਨ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਲਾਕਾ ਨਿਵਾਸੀਆਂ ਨਾਲ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵੀ ਗੱਲਬਾਤ ਕੀਤੀ। ਵੜਿੰਗ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਸੀਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੀੜਤਾਂ ਦੀ ਮਦਦ ਕਰਨ ਦੇ ਯੋਗ ਹਾਂ ਜੋ ਪੰਜਾਬ ਕਾਂਗਰਸ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਹੈਲਪਲਾਈਨ ਨੰਬਰਾਂ ਰਾਹੀਂ ਸਾਡੇ ਤੱਕ ਪਹੁੰਚ ਕਰ ਰਹੇ ਹਨ। ਸਾਰੇ ਲੋੜਵੰਦਾਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਡੇਰਾਬੱਸੀ ਸਥਿਤ ਗੁਲਮੋਹਰ ਸਿਟੀ ਐਕਸਟੈਂਸ਼ਨ ਹਾਊਸਿੰਗ ਸੋਸਾਇਟੀ ਦੇ ਦੌਰੇ ਦੌਰਾਨ, ਜੋ ਕਿ ਸੂਬੇ ਵਿੱਚ ਲਗਾਤਾਰ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ, ਨੇ ਡਿਪਟੀ ਕਮਿਸ਼ਨਰ ਮੋਹਾਲੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਵਸਨੀਕਾਂ ਨੂੰ ਵਾਟਰ ਪੰਪ ਅਤੇ ਲੋੜੀਂਦੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸੂਬੇ ਵਿੱਚ ਆਪਣੇ ਲੋਕਾਂ ਦੇ ਨਾਲ ਖੜ੍ਹੇ ਹਾਂ ਅਤੇ ਜਦੋਂ ਵੀ ਲੋੜ ਪਈ ਤਾਂ ਅਸੀਂ ਉਨ੍ਹਾਂ ਨੂੰ ਹਰ ਸੰਭਵ ਅਤੇ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਾਂਗੇ।

ਝੂਠ ਫੈਲਾਉਣ ਅਤੇ ਪੀੜਤਾਂ ਨੂੰ ਗੁੰਮਰਾਹ ਕਰਨ ਲਈ 'ਆਪ' 'ਤੇ ਭਾਰੀ ਆਲੋਚਨਾ ਕਰਦੇ ਹੋਏ ਵੜਿੰਗ ਨੇ ਦੋਸ਼ ਲਾਇਆ ਕਿ 'ਆਪ' ਲੀਡਰਸ਼ਿਪ ਸੂਬੇ ਦੇ ਹਾਲਾਤਾਂ ਬਾਰੇ ਸਰਾਸਰ ਝੂਠ ਬੋਲ ਰਹੀ ਹੈ। 'ਆਪ' ਲੀਡਰਸ਼ਿਪ ਦੱਸ ਰਹੀ ਹੈ ਕਿ ਹਾਲਾਤ ਕਾਬੂ 'ਚ ਹਨ, ਪਰ ਮੈਂ ਉੱਥੇ ਗਿਆ ਹਾਂ, ਮੈਂ ਸਭ ਦੇਖਿਆ ਹੈ, ਪੰਜਾਬ ਦੇ ਕਈ ਪਿੰਡਾਂ 'ਚ ਸਥਿਤੀ ਪੂਰੀ ਤਰ੍ਹਾਂ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਪਾਣੀ ਵਿਚ ਡੁੱਬੇ ਮਕਾਨ, ਸੜਕਾਂ, ਦੁਕਾਨਾਂ, ਡੁੱਬੀਆਂ ਕਾਰਾਂ ਅਤੇ ਦੋ ਪਹੀਆ ਵਾਹਨ, ਮਰੇ ਪਸ਼ੂ ਅਤੇ ਪੀੜਤਾਂ ਦੇ ਤੈਰਦੇ ਸਮਾਨ ਦੁਹਾਈ ਦਿੰਦੇ ਹਨ ਪਰ ਮੁੱਖ ਮੰਤਰੀ ਰਾਜਨੀਤਿਕ ਲਾਭ ਹਾਸਲ ਕਰਨ ਲਈ ਦੂਜੇ ਰਾਜਾਂ ਵਿਚ ਚੋਣ ਪ੍ਰਚਾਰ ਅਤੇ ਹੋਰ ਪੀਆਰ ਗਤੀਵਿਧੀਆਂ ਵਿਚ ਰੁੱਝੇ ਹੋਏ ਹਨ।

ਵੜਿੰਗ ਨੇ ਪੂਰਾ ਦਿਨ ਪੰਜਾਬ ਦੇ ਪਿੰਡਾਂ ਅਤੇ ਹਰਿਆਣਾ ਦੇ ਨੇੜਲੇ ਪਿੰਡਾਂ ਸਮੇਤ ਕਰੀਬ 50 ਪਿੰਡਾਂ ਦਾ ਦੌਰਾ ਕੀਤਾ। ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਮਾਣਾ, ਘਨੌਰ, ਸਨੌਰ ਅਤੇ ਹੋਰਾਂ ਸਮੇਤ ਹਰਿਆਣਾ ਦੀ ਸਰਹੱਦ ਨਾਲ ਲੱਗਦੇ 100 ਪਿੰਡਾਂ ਨੂੰ ਪੂਰੀ ਤਰ੍ਹਾਂ ਕੱਟ ਦਿੱਤਾ ਗਿਆ ਹੈ। ਉਥੋਂ ਦੇ ਵਸਨੀਕ ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਤੋਂ ਵਾਂਝੇ ਹੋ ਗਏ ਹਨ। ਜ਼ਿਆਦਾਤਰ ਸਾਈਟਾਂ 'ਤੇ ਸਰਕਾਰੀ ਅਫਸਰਾਂ ਅਤੇ ਹੋਰ ਆਫਤ ਪ੍ਰਬੰਧਨ ਅਧਿਕਾਰੀਆਂ ਦੀ ਗੈਰ-ਮੌਜੂਦਗੀ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੂਬੇ 'ਚ 'ਬਦਲਾਵ' ਦੀ ਸ਼ੇਖੀ ਮਾਰਨ ਵਾਲੀ 'ਆਪ' ਸਰਕਾਰ ਨੇ ਇਨ੍ਹਾਂ ਪੀੜਤਾਂ ਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਅੱਖਾਂ ਬੰਦ ਕਰ ਲਈਆਂ ਹਨ। 

ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਉਪਰੰਤ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਮਜ਼ਬੂਤ ​​ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ਪੰਜਾਬੀਆਂ ਨੇ ਔਖੇ ਸਮੇਂ ਦੇਖੇ ਹਨ ਅਤੇ ਹਮੇਸ਼ਾ ਸਾਬਤ ਕੀਤਾ ਹੈ ਕਿ ਜਦੋਂ ਕੋਈ ਔਖਾ ਸਮਾ ਆਉਂਦਾ ਹੈ ਤਾਂ ਉਹਨਾਂ ਨੇ ਉਸਦਾ ਡੱਟ ਕੇ ਸਾਹਮਣਾ ਕੀਤਾ ਹੈ।ਇਹ ਸਮਾਂ ਇਕੱਠੇ ਰਹਿਣ ਦਾ ਹੈ, ਮਜ਼ਬੂਤ ​​ਰਹਿਣ ਦਾ ਸਮਾਂ ਹੈ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਸਮਾਂ ਹੈ।

ਵੜਿੰਗ ਨੇ ‘ਆਪ’ ਸਰਕਾਰ ਨੂੰ ਹੜ੍ਹ ਪੀੜਤਾਂ ਦੀ ਰਾਹਤ ਅਤੇ ਮੁੜ ਵਸੇਬੇ ਲਈ ਤੁਰੰਤ ਫੰਡ ਜਾਰੀ ਕਰਨ ਦੀ ਅਪੀਲ ਕਰਦਿਆਂ ਸਾਰੀਆਂ ਧਿਰਾਂ ਨੂੰ ਅੱਗੇ ਆਉਣ ਅਤੇ ਮਿਲ ਕੇ ਸਥਿਤੀ ਨਾਲ ਨਜਿੱਠਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਆਪਣੀਆਂ ਗਲਤੀਆਂ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਨਹਿਰਾਂ ਅਤੇ ਨਿਕਾਸੀ ਪ੍ਰਬੰਧਾਂ ਦੀ ਸਹੀ ਸਾਂਭ-ਸੰਭਾਲ ਕਰਕੇ ਭਵਿੱਖ ਵਿੱਚ ਅਜਿਹੇ ਹਾਲਾਤਾਂ ਨੂੰ ਰੋਕਣ ਲਈ ਸੁਧਾਰਾਤਮਕ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਭਾਵਿਤ ਖੇਤਰਾਂ ਵਿੱਚ ਇੱਕ ਨੋਡਲ ਅਧਿਕਾਰੀ ਨਿਯੁਕਤ ਕਰੇ ਤਾਂ ਜੋ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ ਅਤੇ ਪੀੜਤਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।