Faridkot : ਕੈਨੇਡਾ ’ਚ ਵਾਪਰੇ ਸੜਕ ਹਾਦਸੇ ’ਚ ਇੱਕੋਂ ਪਰਿਵਾਰ ਦੇ ਤਿੰਨ ਜੀਆਂ ਸਮੇਤ 4 ਮੌਤਾਂ ,ਪਿੰਡ ਰੋੜੀਕਪੂਰਾ ਦਾ ਰਹਿਣ ਵਾਲਾ ਸੀ ਪਰਿਵਾਰ
ਇਸ ਦੁੱਖਦਾਈ ਘਟਨਾ ਦਾ ਪਤਾ ਲੱਗਦਿਆ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ
Faridkot News : ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਗਏ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਸਵੇਰੇ ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖ਼ਬਰ ਆਈ ਹੈ ,ਜਿਸ ਕਾਰਨ ਫ਼ਰੀਦਕੋਟ ਦੇ ਪਿੰਡ ਰੋੜੀਕਪੂਰਾ ’ਚ ਮਾਤਮ ਛਾ ਗਿਆ ਹੈ। ਕੈਨੇਡਾ 'ਚ ਵਾਪਰੇ ਇੱਕ ਸੜਕ ਹਾਦਸੇ 'ਚ ਇੱਕੋਂ ਪਰਿਵਾਰ ਦੇ ਤਿੰਨ ਜੀਆਂ ਸਮੇਤ ਇੱਕ ਰਿਸ਼ਤੇਦਾਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀਕਪੂਰਾ ਦਾ ਸੁਖਵੰਤ ਸਿੰਘ ਸੁੱਖ ਬਰਾੜ ਕੈਨੇਡਾ ਦੇ ਐਬਟਸਫੋਰਡ 'ਚ ਰਹਿ ਰਿਹਾ ਸੀ। ਸੁਖਵੰਤ ਸਿੰਘ ਸੁੱਖ ਆਪਣੀ ਪਤਨੀ ਰਾਜਿੰਦਰ ਕੌਰ, ਪੁੱਤਰੀ ਕਮਲ ਕੌਰ ਅਤੇ ਸਾਲੀ ਛਿੰਦਰ ਕੌਰ ਨਾਲ ਸ਼ਾਮ ਦੇ ਸਮੇਂ ਆਪਣੇ ਮਿੱਤਰ ਸ਼ੇਰ ਸਿੰਘ ਨੰਬਰਦਾਰ ਪਿੰਡ ਰੋੜੀਕਪੂਰਾ ਨੂੰ ਮਿਲਣ ਲਈ ਐਬਟਸਫੋਰਡ ਦੇ ਸ਼ਹਿਰ ਕਨੋਲਾ ਵਿਖੇ ਉਨ੍ਹਾਂ ਦੇ ਘਰ ਜਾ ਰਹੇ ਹਨ।
ਰਸਤੇ ਵਿੱਚ ਆਚਨਕ ਘਰ ਦੇ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਮੌਕੇ ’ਤੇ ਪਰਿਵਾਰ ਦੇ ਚਾਰ ਜੀਆਂ ਪਤਨੀ, ਬੇਟੀ ਅਤੇ ਸਾਲੀ ਦੀ ਮੌਤ ਹੋ ਗਈ। ਅੱਜ ਸਵੇਰੇ ਇਸ ਦੁੱਖਦਾਈ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ।
ਜ਼ਿਕਰਯੋਗ ਹੈ ਕਿ ਸੁਖਵੰਤ ਸਿੰਘ ਬਰਾੜ ਪਿੰਡ ਵਾਸੀਆਂ ਦਾ ਹਰਮਨ ਇਨਸਾਨ ਸੀ, ਜੋ ਵਿਦੇਸ਼ ਬੈਠਾ ਵੀ ਪਿੰਡ ਵਾਸੀਆਂ ਨਾਲ ਦੁੱਖ -ਸੁੱਖ ਸਾਂਝਾ ਕਰਦਾ ਰਹਿੰਦਾ ਸੀ।