ਕਾਂਗਰਸ ਸਰਕਾਰੀ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ 'ਚ ਬੁਰੀ ਤਰ੍ਹਾਂ ਫੇਲ੍ਹ: ਪਸਸਫ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ  'ਚ  ਕਰੀਬ ਡੇਢ ਸਾਲ ਤੋਂ ਤਾਨਾਸ਼ਾਹੀ ਤੌਰ ਤਰੀਕਿਆਂ ਨਾਲ ਸ਼ਾਸ਼ਨ ਚਲਾ ਰਹੀ ਕਾਂਗਰਸ ਸਰਕਾਰ ਸੂਬੇ ਦੇ ਲੱਖਾਂ ਮੁਲਾਜ਼ਮਾਂ ਨਾਲ ਚੋਣਾਂ..............

Association leader giving information on the protest demonstration

ਗੜ੍ਹਦੀਵਾਲਾ :  ਪੰਜਾਬ  'ਚ  ਕਰੀਬ ਡੇਢ ਸਾਲ ਤੋਂ ਤਾਨਾਸ਼ਾਹੀ ਤੌਰ ਤਰੀਕਿਆਂ ਨਾਲ ਸ਼ਾਸ਼ਨ ਚਲਾ ਰਹੀ ਕਾਂਗਰਸ ਸਰਕਾਰ ਸੂਬੇ ਦੇ ਲੱਖਾਂ ਮੁਲਾਜ਼ਮਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ 'ਚ ਬੁਰੀ ਤਰ੍ਹਾਂ ਅਸਫ਼ਲ ਹੋਈ  ਹੈ, ਸਿੱਟੇ ਵਜੋਂ ਪੰਜਾਬ ਦੇ ਲੱਖਾਂ ਮੁਲਾਜਮਾਂ ਦੇ ਮਨਾਂ 'ਚ ਸਰਕਾਰ ਪ੍ਰਤੀ ਡਾਅਢਾ ਰੋਸ ਤੇ ਗੁੱਸੇ ਦੀ ਲਹਿਰ ਹੈ। ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਤੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਮੁਲਾਜ਼ਮਾਂ ਨੂੰ ਸਰਕਾਰੀ ਡੰਡੇ ਨਾਲ ਲੜਨ ਵਾਲੀ ਨੀਤੀ 'ਤੇ ਕੰਮ ਕਰ ਰਹੀ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ ਦੇ ਮੁੱਖ ਆਗੂ ਤੇ ਗੌਰਮਿੰਟ ਟੀਚਰਜ਼ ਯੂਨੀਅਨ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਪੰਜਾਬ ਤੇ ਯੂਟੀ ਸਾਂਝੀ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ 11 ਅਗੱਸਤ ਨੂੰ ਪਟਿਆਲੇ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਮੂਹਰੇ ਕੀਤੇ ਜਾ ਰਹੇ ਰੋਸ ਧਰਨੇ ਸਬੰਧੀ ਕੀਤੀ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਆਖੇ। ਪ੍ਰਿੰ. ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਸੂਬੇ ਦੇ ਲੱਖਾਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇਣ ਦੀ  ਬਜਾਏ ਅਕਾਲੀ-ਭਾਜਪਾ ਸਰਕਾਰ ਦੇ 10  ਸਾਲਾ ਦੇ ਜੁਲਮੀ ਸ਼ਾਸ਼ਨ ਨੂੰ ਵੀ ਮਾਤ ਦੇ ਦਿਤੀ ਹੈ। 

ਉਨ੍ਹਾਂ ਕਿਹਾ ਕਿ  ਜੇਕਰ ਕਾਂਗਰਸ ਕੋਲ ਸੂਬੇ ਦੇ ਮੁਲਾਜ਼ਮਾਂ, ਕਿਸਾਨਾਂ ਤੇ ਬੇਰੁਜ਼ਗਾਰਾਂ ਦੇ ਮਸਲਿਆਂ ਦਾ ਕੋਈ  ਹੱਲ  ਨਾ ਕਰਨ ਵਾਲੀ ਕਾਂਗਰਸ  ਸਰਕਾਰ ਨੇ  ਸੂਬੇ ਦੇ ਟੈਕਸ ਅਦਾ ਕਰਨ ਵਾਲੇ ਲੱਖਾਂ ਮੁਲਾਜ਼ਮਾਂ ਨੂੰ ਸਾਲਾਨਾ 2400 ਰੁਪਏ  ਵਿਕਾਸ  ਟੈਕਸ ਲਾ ਕੇ ਮੁਲਾਜ਼ਮ ਮਾਰੂ ਹੋਣ ਦਾ ਸਾਬੂਤ ਦਿਤਾ ਹੈ। ਵੱਖ-ਵੱਖ ਬੁਲਾਰਿਆਂ ਨੇ ਦਸਿਆ ਕਿ ਸਰਕਾਰ ਵੱਖ ਵੱਖ ਵਿਭਾਗਾਂ 'ਚ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕਰ ਰਹੀ, ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ 'ਤੇ 22 ਮਹੀਨਿਆਂ ਤੇ ਬਕਾਏ ਦੱਬ ਕੇ ਬੈਠੀ ਹੋਈ ਹੈ, 2004 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਵੱਲ ਧਿਆਨ ਨਹੀਂ ਦੇ ਰਹੀ,

ਆਸ਼ਾ ਵਰਕਰਜ਼ ਤੇ ਮਿਡ ਡੇਅ ਮੀਲ ਵਰਕਰ ਨੂੰ ਘੱਟੋ ਘੱਟ ਮਿਹਨਤਾਨੇ ਦੇ ਘੇਰੇ 'ਚ ਨਹੀਂ ਲਿਆ ਰਹੀ, ਜਿਸ ਕਰ ਕੇ ਪੰਜਾਬ ਦੇ ਮੁਲਾਜ਼ਮਾਂ ਦਾ ਕਾਂਗਰਸ ਸਰਕਾਰ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ ਹੈ। ਉਨ੍ਹਾਂ ਪੰਜਾਬ ਭਰ ਦੇ ਮੁਲਾਜ਼ਮਾਂ ਨੂੰ 11 ਅਗੱਸਤ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਮੂਹਰੇ ਦਿਤੇ ਜਾ ਰਹੇ ਰੋਸ ਮੁਜ਼ਾਹਰੇ 'ਚ ਵੱਡੀ ਗਿਣਤੀ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਨਰੇਸ਼ ਕੁਮਾਰ, ਕਮਲਦੀਪ ਸਿੰਘ, ਬਲਵਿੰਦਰ ਸਿੰਘ, ਯਸ਼ਪਾਲ, ਅਨੁਪਮ ਰਤਨ, ਸੰਜੀਵ ਕੁਮਾਰ, ਪਾਖਰ ਸਿੰਘ, ਰਮਨ ਕੁਮਾਰ, ਵਿਜੇ ਕੁਮਾਰ ਆਦਿ ਵੀ ਹਾਜ਼ਰ ਸਨ।