ਬਿਸ਼ਪ ਫਰੈਂਕੋ ਕੋਲੋਂ ਪੁਛਗਿੱਛ ਦੀ ਕਵਰੇਜ ਲਈ ਕੇਰਲ ਮੀਡੀਆ ਨੇ ਵੀ ਲਗਾਏ ਜਲੰਧਰ ਡੇਰੇ
ਜਲੰਧਰ ਦੇ ਰੋਮਨ ਕੈਥੋਲਿਕ ਗਿਰਜਾ ਘਰ ਨਾਲ ਸਬੰਧਤ ਬਿਸ਼ਪ ਫਰੈਂਕੋ ਮੁਲੱਕਲ ਵਲੋਂ ਇਕ ਨੰਨ ਨਾਲ ਬਲਾਤਕਾਰ ਦੇ ਮਾਮਲੇ ਦੀ ਜਾਂਚ ਕਰ ਰਹੀ ਕੇਰਲ ਪੁਲਿਸ.............
ਜਲੰਧਰ : ਜਲੰਧਰ ਦੇ ਰੋਮਨ ਕੈਥੋਲਿਕ ਗਿਰਜਾ ਘਰ ਨਾਲ ਸਬੰਧਤ ਬਿਸ਼ਪ ਫਰੈਂਕੋ ਮੁਲੱਕਲ ਵਲੋਂ ਇਕ ਨੰਨ ਨਾਲ ਬਲਾਤਕਾਰ ਦੇ ਮਾਮਲੇ ਦੀ ਜਾਂਚ ਕਰ ਰਹੀ ਕੇਰਲ ਪੁਲਿਸ ਕਾਫ਼ੀ ਅਸਰ ਰਸੂਖ ਰੱਖਣ ਵਾਲੇ ਇਸ ਇਸਾਈ ਧਰਮ ਪ੍ਰਚਾਰਕ ਕੋਲੋਂ ਪੁੱਛਗਿਛ ਕਰਨ ਲਈ ਜਲੰਧਰ ਪੁੱਜੀ ਹੋਈ ਹੈ। ਕੇਰਲ ਤੋਂ ਮੀਡੀਆ ਦੇ ਦਰਜਨਾ ਕਰਮਚਾਰੀ ਵੀ ਪੁਲਿਸ ਦੀ ਇਸ ਪੁਛਗਿੱਛ ਸਬੰਧੀ ਤਾਜ਼ੀਆਂ ਖ਼ਬਰਾਂ ਪ੍ਰਸਾਰਤ ਅਤੇ ਪ੍ਰਕਾਸ਼ਿਤ ਕਰਨ ਲਈ ਪੁੱਜ ਚੁੱਕੇ ਹਨ। ਜਲੰਧਰ ਵਿਚ ਬਿਸ਼ਪ ਹਾਊਸ ਦੇ ਬਾਹਰ ਸਥਾਨਕ ਮੀਡੀਆ ਇਸ ਘਟਨਾ ਚੱਕਰ ਸਬੰਧੀ ਜਾਨਣ ਲਈ ਇਕੱਠਾ ਹੋਇਆ ਹੈ
ਕਮਿਸ਼ਨਰੇਟ ਪੁਲਿਸ ਦੇ ਡੀ. ਸੀ. ਪੀ. ਗੁਰਮੀਤ ਸਿੰਘ ਵੀ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਬਿਸ਼ਪ ਹਾਊਸ ਦੇ ਬਾਹਰ ਮੌਜੂਦ ਫੋਰਸ ਦੇ ਲਗਾਤਾਰ ਸੰਪਰਕ ਵਿਚ ਹਨ। ਦੂਜੇ ਪਾਸੇ ਸੂਤਰਾਂ ਅਨੁਸਾਰ ਕੇਰਲ ਪੁਲਿਸ ਦੀ ਟੀਮ ਪੀ.ਏ.ਪੀ. ਵਿਚ ਠਹਿਰੀ ਹੋਈ ਹੈ। ਦੂਜੇ ਪਾਸੇ ਗਿਰਜਾਘਰ ਦੇ ਬੁਲਾਰੇ ਫਾਦਰ ਪੀਟਰ ਦਾ ਦਾਅਵਾ ਸੀ ਕਿ ਬਿਸ਼ਪ ਫਰੈਂਕੋ ਮੁਲੱਕਲ ਕਿਸੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਡਲਹੌਜੀ ਗਏ ਹੋਏ ਹਨ। ਇਸ ਮੌਕੇ ਡੀ.ਸੀ.ਪੀ. ਗੁਰਮੀਤ ਸਿੰਘ, ਏ.ਸੀ.ਪੀ. ਦਲਵੀਰ ਸਿੰਘ ਬੁੱਟਰ, ਐਸ.ਐਚ.ਓ. ਬਲਬੀਰ ਸਿੰਘ ਆਦਿ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਗਿਰਜਾਘਰ ਦੇ ਆਲੇ ਦੁਆਲੇ ਸੁਰੱਖਿਆ ਸਖ਼ਤ ਕੀਤੀ ਹੋਈ ਹੈ।
ਜ਼ਿਕਰਯੋਗ ਹੈ ਕਿ ਕੇਰਲ ਵਿਚ ਇਕ ਨੰਨ ਨੇ ਜਲੰਧਰ ਸਥਿਤ ਡਾਇਆਸਿਸ ਕੈਥਲਿਕ ਗਿਰਜਾ ਘਰ ਦੇ ਬਿਸ਼ਪ ਫਰੈਂਕੋ ਮੁਲੱਕਲ ਵਿਰੁਧ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦੀ ਸ਼ਿਕਾਇਤ ਦਰਜ ਕਰਾਈ ਹੋਈ ਹੈ। ਇਹ ਨੰਨ ਪੰਜਾਬ ਵਿਚ ਜਲੰਧਰ ਸਥਿਤ ਡਾਇਅਸਿਸ ਕੈਥੋਲਿਕ ਗਿਰਜਾ ਘਰ ਅਧੀਨ ਚੱਲਣ ਵਾਲੀ ਇੱਕ ਸੰਸਥਾ ਨਾਲ ਸਬੰਧਤ ਹੈ।