ਹੁਣ ਆਮ ਲੋਕ ਵੀ ਚਖਣਗੇ ਕੇਂਦਰੀ ਜੇਲ ਦਾ ਸਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਜੇਲ੍ਹ ਵਿਭਾਗ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਜਿੱਥੇ ਪਟਿਆਲਾ ਕੇਂਦਰੀ ਸੁਧਾਰ ਘਰ ਦਾ ਬਣਿਆ ਖਾਣਾ ਆਮ ਲੋਕਾਂ ਲਈ ਬਹੁਤ ਹੀ ਕਿਫ਼ਾਇਤੀ ਭਾਅ.............

Sukhjinder Singh Randhawa with Police officer

ਪਟਿਆਲਾ  : ਪੰਜਾਬ ਦੇ ਜੇਲ੍ਹ ਵਿਭਾਗ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਜਿੱਥੇ ਪਟਿਆਲਾ ਕੇਂਦਰੀ ਸੁਧਾਰ ਘਰ ਦਾ ਬਣਿਆ ਖਾਣਾ ਆਮ ਲੋਕਾਂ ਲਈ ਬਹੁਤ ਹੀ ਕਿਫ਼ਾਇਤੀ ਭਾਅ 'ਤੇ ਮੁਹੱਈਆ ਕਰਵਾਉਣਾ ਅਰੰਭ ਕਰ ਦਿਤਾ ਹੈ, ਉਥੇ ਹੀ ਜੇਲ੍ਹਾਂ ਦੇ ਕੈਦੀਆਂ ਦੇ ਸੁਨਹਿਰੀ ਭਵਿੱਖ ਲਈ ਕਿੱਤਾ ਮੁਖੀ ਕੇਂਦਰ ਵੀ ਖੋਲ੍ਹਿਆ ਗਿਆ ਹੈ। ਪੰਜਾਬ ਦੀਆਂ ਜੇਲ੍ਹਾਂ ਦੇ ਪਲੇਠੇ ਉਦਮ ਦੀ ਸ਼ੁਰੂਆਤ ਅੱਜ ਇਥੇ ਪੁੱਜੇ ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕੇਂਦਰੀ ਸੁਧਾਰ ਘਰ ਦੇ ਮੁੱਖ ਗੇਟ ਨੇੜੇ ਮਾਰਕਫੈਡ ਅਤੇ ਵੇਰਕਾ ਦੇ ਬੂਥਾਂ ਦੀ ਅਰੰਭਤਾ ਕਰਵਾਉਣ ਨਾਲ ਹੋਈ।

ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ. ਜੇਲ੍ਹਾਂ ਇਕਬਾਲਪ੍ਰੀਤ ਸਿੰਘ ਸਹੋਤਾ ਵੀ ਮੌਜੂਦ ਸਨ। ਜੇਲ੍ਹ ਮੰਤਰੀ ਸ. ਰੰਧਾਵਾ ਨੇ ਇਸ ਮੌਕੇ ਦੱਸਿਆ ਕਿ ਪਟਿਆਲਾ ਕੇਂਦਰੀ ਸੁਧਾਰ ਘਰ ਦੇ ਮੁੱਖ ਦੁਆਰ 'ਤੇ ਖੋਲ੍ਹੇ ਗਏ ਮਾਰਕਫੈਡ ਅਤੇ ਵੇਰਕਾ ਬੂਥਾਂ ਦੀ ਸੰਭਾਲ ਤੇ ਸਮਾਨ ਦੀ ਵੇਚ-ਵੱਟਤ ਜੇਲ੍ਹ ਦੇ ਚੰਗੇ ਆਚਰਣ ਤੇ ਵਿਵਹਾਰ ਵਾਲੇ ਕੈਦੀ ਹੀ ਕਰਨਗੇ। ਇਨ੍ਹਾਂ ਬੂਥਾਂ ਵਿਖੇ ਹੀ ਜੇਲ੍ਹ ਦੇ ਕਿੱਤਾ ਮੁਖੀ ਕੇਂਦਰ ਰਾਹੀਂ ਜੇਲ੍ਹ ਅੰਦਰ ਬਣੇ ਖਾਣੇ ਦੀ ਥਾਲੀ ਕੇਵਲ 90 ਰੁਪਏ ਦੀ ਕੀਮਤ 'ਤੇ ਆਮ ਲੋਕਾਂ ਤੇ ਬੰਦੀਆਂ ਦੇ ਮੁਲਾਕਾਤੀਆਂ ਲਈ ਮੁਹੱਈਆ ਕਰਵਾਈ ਜਾਵੇਗੀ।

ਉਥੇ ਹੀ ਜੇਲ੍ਹ ਅੰਦਰ ਕੈਦੀਆਂ ਵੱਲੋਂ ਬਣਾਏ ਗਏ ਖੇਸ, ਦਰੀਆਂ, ਚਾਦਰਾਂ, ਪੱਖੀਆਂ, ਫ਼ੁਲਕਾਰੀਆਂ, ਫਾਇਲ ਕਵਰ, ਲਿਫ਼ਾਫਿਆਂ ਸਮੇਤ ਹੋਰ ਸਾਜੋ-ਸਮਾਨ ਨੂੰ ਵੀ ਵੇਚਿਆ ਜਾਵੇਗਾ ਅਤੇ ਇਹ ਉਤਪਾਦ ਹੋਰਨਾਂ ਸਰਕਾਰੀ ਵਿਭਾਗਾਂ ਨੂੰ ਵੀ ਦਿੱਤੇ ਜਾਣਗੇ। ਇਸ ਮੌਕੇ ਸ. ਰੰਧਾਵਾ ਨੇ ਜੇਲ੍ਹ ਦੇ ਬਣੇ ਖਾਣੇ ਦਾ ਜਾਇਕਾ ਵੀ ਲਿਆ ਅਤੇ ਖਾਣੇ ਦੀ ਪਹਿਲੀ ਥਾਲੀ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਨੂੰ ਸੌਂਪੀ। ਉਨ੍ਹਾਂ ਨੇ ਇਸ ਮਗਰੋਂ ਜੇਲ੍ਹ ਦੇ ਪ੍ਰਬੰਧਾਂ ਨੂੰ ਹੋਰ ਸੁਧਾਰਨ ਹਿਤ ਇਕ ਮੀਟਿੰਗ ਵੀ ਕੀਤੀ ਅਤੇ ਜੇਲ੍ਹ ਅੰਦਰ ਬੰਦੀਆਂ ਨੂੰ ਮਿਲਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ।

ਇਸ ਮੌਕੇ ਡੀਸੀ ਪਟਿਆਲਾ ਕੁਮਾਰ ਅਮਿਤ, ਆਈ.ਜੀ. ਪੰਜਾਬ ਜੇਲ੍ਹਾਂ ਆਰ.ਕੇ. ਅਰੋੜਾ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਪਟਿਆਲਾ ਜੇਲ੍ਹ ਦੇ ਸੀਨੀਅਰ ਸੁਪਰਡੈਂਟ ਰਾਜਨ ਕਪੂਰ, ਵਧੀਕ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਐਸ.ਪੀ. ਸਿਟੀ ਕੇਸਰ ਸਿੰਘ, ਸਹਿਕਾਰਤਾ ਵਿਭਾਗ ਦੇ ਡੀ.ਆਰ. ਬਲਜਿੰਦਰ ਸਿੰਘ, ਸਹਿਕਾਰੀ ਬੈਂਕ ਪਟਿਆਲਾ ਦੇ ਐਮ.ਡੀ. ਰਣਜੀਤ ਸਿੰਘ, ਡੀ.ਐਮ. ਬੈਂਕ ਭਾਸਕਰ ਕਟਾਰੀਆ, ਵੇਰਕਾ ਦੇ ਜੀ.ਐਮ. ਗੁਰਮੇਲ ਸਿੰਘ ਅਤੇ ਹੋਰ ਅਧਿਕਾਰੀ ਵੱਡੀ ਗਿਣਤੀ 'ਚ ਮੌਜੂਦ ਸਨ।