ਸੂਬੇ ਵਿਚ ਵਾਇਰਸ ਵਿਗਿਆਨ ਕੇਂਦਰ ਸਥਾਪਤ ਹੋਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਦਾ ਪ੍ਰਸਤਾਵ ਕੇਂਦਰ ਵਲੋਂ ਪ੍ਰਵਾਨ

Captain Amrinder Singh

ਚੰਡੀਗੜ੍ਹ, 10 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਭਾਰਤ ਸਰਕਾਰ ਨੇ ਪੰਜਾਬ ਵਿਚ ਉਤਰੀ ਜ਼ੋਨ ਲਈ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੌਜੀ ਸੈਂਟਰ (ਵਾਇਰਸ-ਵਿਗਿਆਨ ਦਾ ਕੇਂਦਰ) ਦੀ ਸਥਾਪਨਾ ਕਰਨ ਵਾਸਤੇ ਸਿਧਾਂਤਕ ਪ੍ਰਵਾਨਗੀ ਦੇ ਦਿਤੀ ਹੈ। ਇਸ ਵੇਲੇ ਮੁਲਕ ਵਿਚ ਪੂਨੇ ਵਿਖੇ ਹੀ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੌਜੀ (ਐਨ.ਆਈ.ਵੀ.) ਹੀ ਅਜਿਹੀ ਸੰਸਥਾ ਹੈ ਜੋ ਹੰਗਾਮੀ ਸਥਿਤੀ ਦੀ ਸੂਰਤ ਵਿਚ ਬਿਹਤਰ ਤਾਲਮੇਲ ਵਾਲੇ ਮੈਡੀਕਲ ਅਤੇ ਜਨਤਕ ਸਿਹਤ ਰਿਸਪਾਂਸ ਕਰਨ ਦੇ ਸਮਰੱਥ ਹੈ।

ਮੁੱਖ ਮੰਤਰੀ, ਜਿਨ੍ਹਾਂ ਨੇ ਕੋਵਿਡ ਮਹਾਂਮਾਰੀ ਦੇ ਮਦੇਨਜ਼ਰ ਕੁਝ ਹਫ਼ਤੇ ਪਹਿਲਾਂ ਕੇਂਦਰ ਕੋਲ ਅਜਿਹੀ ਸੰਸਥਾ ਦਾ ਪ੍ਰਸਤਾਵ ਰਖਿਆ ਸੀ, ਨੇ ਇਸ ਨੂੰ ਮਨਜ਼ੂਰੀ ਮਿਲਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੰਸਥਾ ਵਾਇਰੋਲੌਜੀ ਦੇ ਖੇਤਰ ਵਿਚ ਖੋਜ ਦੇ ਕੰਮ ਨੂੰ ਹੋਰ ਤੀਬਰਤਾ ਨਾਲ ਅੱਗੇ ਲਿਜਾਣ ਵਿੱਚ ਸਹਾਈ ਹੋਵੇਗੀ ਅਤੇ ਭਵਿੱਖ ਵਿਚ ਭਾਰਤ ਨੂੰ ਵਾਇਰਸ ਦਾ ਛੇਤੀ ਤੋਂ ਛੇਤੀ ਪਤਾ ਲਾਉਣ ਦੇ ਵੀ ਸਮਰੱਥ ਬਣਾਏਗੀ ਤਾਂ ਕਿ ਇਸ ਦੀ ਰੋਕਥਾਮ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਇਹ ਕੇਂਦਰ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਦੇ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਸਮੇਤ ਪੂਰੇ ਉੱਤਰੀ ਖਿੱਤੇ ਦੀਆਂ ਲੋੜਾਂ ਦਾ ਵੀ ਨਿਪਟਾਰਾ ਕਰਨ ਵਿਚ ਵੀ ਮਦਦਗਾਰ ਸਿੱਧ ਹੋਏਗਾ।

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦਸਿਆ ਕਿ ਸੂਬੇ ਦੇ ਮੁੱਖ ਸਕੱਤਰ ਨੇ ਇਸ ਸੰਸਥਾ ਨੂੰ ਕੇਂਦਰ ਦੀ ਸਿਧਾਂਤਕ ਮਨਜ਼ੂਰੀ ਦੇਣ ਦਾ ਪੱਤਰ ਭਾਰਤ ਸਰਕਾਰ ਨੇ ਸਿਹਤ ਖੋਜ ਮੰਤਰਾਲੇ ਦੇ ਸਕੱਤਰ-ਕਮ-ਭਾਰਤੀ ਮੈਡੀਕਲ ਖੋਜ ਕੌਂਸਲ ਦੇ ਡਾਇਰੈਕਟਰ ਜਨਰਲ ਪ੍ਰੋਫ਼ੈਸਰ (ਡਾਕਟਰ) ਬਲਰਾਮ ਭਾਰਗਵ ਪਾਸੋਂ ਹਾਸਲ ਕੀਤਾ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਲੰਮੇ ਸਮੇਂ ਲਈ ਲੀਜ਼ 'ਤੇ ਲਗਭਗ 25 ਏਕੜ ਜ਼ਮੀਨ ਦੀ ਸ਼ਨਾਖ਼ਤ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਮੈਡੀਕਲ ਖੋਜ ਕੌਂਸਲ ਛੇਤੀ ਤੋਂ ਛੇਤੀ ਇਸ ਅਹਿਮ ਪ੍ਰੋਜੈਕਟ ਦੀ ਸਥਾਪਨਾ ਕਰ ਸਕੇ।