ਪੰਜਾਬ ਪੁਲਿਸ ਦਾ ਬਹਾਦਰ ਏਐਸਆਈ ਜਸਪਾਲ ਸਿੰਘ ਕੋਰੋਨਾ ਕਰ ਕੇ ਹਾਰਿਆ ਜ਼ਿੰਦਗੀ ਦੀ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਲਾਈਨ ਲੁਧਿਆਣਾ ਵਿਚ ਡਿਊਟੀ ਨਿਭਾ ਰਹੇ ਜਸਪਾਲ ਸਿੰਘ ਕਰੀਬ ਇੱਕ ਮਹੀਨੇ ਤੋਂ ਬਿਮਾਰ ਸਨ।

ASI Jaspal Singh

ਲੁਧਿਆਣਾ- ਕੋਰੋਨਾ ਵਾਇਰਸ ਨਾਲ ਪੰਜਾਬ ਵਿਚ ਲਗਾਤਾਰ ਮੌਤਾਂ ਦਾ ਸਿਲਸਿਲਾ ਜਾਰੀ ਹੈ ਤੇ ਹੁਣ ਪੰਜਾਬ ਵਿਚ ਸਹਾਇਕ ਥਾਣੇਦਾਰ ਜਸਪਾਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਵਾਰਡ ਨੰਬਰ 11 ਪਾਇਲ ਕੋਰੋਨਾ ਕਰ ਕੇ ਜ਼ਿੰਦਗੀ ਦੀ ਜੰਗ ਹਾਰ ਗਏ ਹਨ। ਪੁਲਿਸ ਲਾਈਨ ਲੁਧਿਆਣਾ ਵਿਚ ਡਿਊਟੀ ਨਿਭਾ ਰਹੇ ਜਸਪਾਲ ਸਿੰਘ ਕਰੀਬ ਇੱਕ ਮਹੀਨੇ ਤੋਂ ਬਿਮਾਰ ਸਨ। ਉਹਨਾਂ ਦਾ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਚੱਲ ਰਿਹਾ ਸੀ।

ਅੱਜ ਮਕਸੂਦੜਾ ਰੋਡ ਪਾਇਲ ਵਿਖੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸਲਾਮੀਂ ਦਿੱਤੀ ਗਈ। ਜਸਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਪੁੱਤਰ ਨੇ ਅਗਨੀ ਭੇਟ ਕੀਤੀ। ਇਸ ਮੌਕੇ ਐੱਸਐੱਚਓ ਕਰਨੈਲ ਸਿੰਘ ਪਾਇਲ, ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ, ਮੋਹਨ ਸਿੰਘ ਔਜਲਾ ਅਤੇ ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਹਾਜ਼ਰ ਸਨ। ਜਸਪਾਲ ਸਿੰਘ ਦੀ ਮੌਤ ਦੀ ਜਾਣਕਾਰੀ ਪੰਜਾਬ ਪੁਲਿਸ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ ਹੈ।