ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਜਨਮਅਸ਼ਟਮੀ ਦੀ ਰਾਤ ਕਰਫ਼ਿਊ ਵਿਚ ਢਿੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਦਿਤੀ ਜਨਮ ਅਸ਼ਟਮੀ ਦੀ ਵਧਾਈ

Capt Amrinder Singh

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਮੰਗਲਵਾਰ ਨੂੰ ਗ੍ਰਹਿ ਵਿਭਾਗ ਨੇ ਜਨਮਅਸ਼ਟਮੀ ਦੇ ਮੌਕੇ 12 ਤੇ 13 ਅਗੱਸਤ ਦੀ ਰਾਤ ਸੂਬੇ ਭਰ ਵਿਚ ਕਰਫ਼ਿਊ 'ਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਇਹ ਅੰਸ਼ਿਕ ਢਿੱਲ ਸਿਰਫ਼ ਇਕ ਰਾਤ ਲਈ ਹੋਵੇਗੀ। ਜਲੰਧਰ, ਲੁਧਿਆਣਾ ਤੇ ਪਟਿਆਲਾ ਨੂੰ ਛੱਡ ਕੇ ਸਾਰੇ ਪੰਜਾਬ ਵਿਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤਕ ਰਾਤ ਦਾ ਕਰਫ਼ਿਊ ਲਗਾਇਆ ਹੋਇਆ ਹੈ ਅਤੇ ਕੋਵਿਡ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਪਿਛਲੇ ਹਫਤੇ ਤੋਂ ਉਕਤ ਤਿੰਨ ਸ਼ਹਿਰਾਂ ਵਿਚ ਕਰਫ਼ਿਊ ਦਾ ਸਮਾਂ ਰਾਤ 9 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ।

ਬੁਲਾਰੇ ਨੇ ਕਿਹਾ ਕਿ ਜਨਮਅਸ਼ਟਮੀ ਦੇ ਪਾਵਨ ਮੌਕੇ ਹੁਣ ਬੁੱਧਵਾਰ ਤੇ ਵੀਰਵਾਰ ਦੀ ਰਾਤ ਅੱਧੀ ਰਾਤ 1 ਵਜੇ ਤੋਂ ਸਵੇਰੇ 5 ਵਜੇ ਤਕ ਕਰਫ਼ਿਊ ਰਹੇਗਾ। ਵਿਸ਼ੇਸ਼ ਮੁੱਖ ਸਕੱਤਰ (ਗ੍ਰਹਿ) ਸਤੀਸ਼ ਚੰਦਰਾ ਨੇ ਇਸ ਸਬੰਧੀ ਵਿਸਥਾਰ ਵਿਚ ਦਿਸ਼ਾ-ਨਿਰਦੇਸ਼ ਕਰਦਿਆਂ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਇਸ ਅਨੁਸਾਰ ਹੁਕਮ ਜਾਰੀ ਕਰਨ ਲਈ ਕਿਹਾ ਹੈ।

ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਵਸ- ਜਨਮ ਅਸ਼ਟਮੀ ਦੇ ਪਵਿੱਤਰ ਮੌਕੇ 'ਤੇ ਲੋਕਾਂ ਨੂੰ ਹਾਰਦਿਕ ਵਧਾਈ ਦਿਤੀ ਹੈ। ਇਸ ਪਵਿੱਤਰ ਦਿਹਾੜੇ ਮੌਕੇ ਇਕ ਸੰਦੇਸ਼ ਵਿਚ ਸਪੀਕਰ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਸ਼ਾਂਤੀ ਦੇ ਦੂਤ, ਧਰਮ ਦੇ ਰੱਖਿਅਕ ਅਤੇ ਸੱਚਾਈ ਦੇ ਪ੍ਰਤੀਕ ਸਨ। ''ਸ੍ਰੀਮਦ ਭਾਗਵਤ ਗੀਤਾ'' ਵਿਚ ਅੰਕਿਤ ਉਨ੍ਹਾਂ ਦਾ ਫ਼ਲਸਫ਼ਾ ਮੌਜੂਦਾ ਪਦਾਰਥਵਾਦੀ ਸਮਾਜ ਵਿਚ ਹੋਰ ਵੀ ਵਧੇਰੇ ਮਹੱਤਵਪੂਰਨ ਹੈ। ਇਹ ਫ਼ਲਸਫ਼ਾ ਅੱਜ ਦੇ ਸਮੇਂ ਵਿਚ ਜਿੱਥੇ ਇਕ ਪਾਸੇ ਸਦੀਵੀ ਸ਼ਾਂਤੀ ਪ੍ਰਾਪਤ ਕਰਨ ਦਾ ਸਾਧਨ ਹੈ ਉਥੇ ਹੀ ਦੂਜੇ ਪਾਸੇ ਸੰਪਰਦਾਇਕ ਸਦਭਾਵਨਾ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਵੀ ਕਾਰਗਰ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।