'ਕਾਰਪੋਰੇਟ ਭਜਾਉ ਕਿਸਾਨੀ ਬਚਾਉ' ਦੇ ਲੱਗੇ ਨਾਹਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

250 ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ ਪੂਰੇ ਪੰਜਾਬ 'ਚ ਰੋਸ ਪ੍ਰਦਰਸ਼ਨ

File Photo

ਚੰਡੀਗੜ੍ਹ, 10 ਅਗੱਸਤ (ਤੇਜਿੰਦਰ ਫ਼ਤਿਹਪੁਰ) : ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਜਿਸ ਵਿਚ ਭਾਰਤ ਦੀਆਂ 250 ਦੇ ਕਰੀਬ ਕਿਸਾਨ ਜਥੇਬੰਦੀਆਂ ਸ਼ਾਮਲ ਹਨ ਵਲੋਂ ਜੋ 9-10 ਅਗੱਸਤ ਦਾ ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ 'ਤੇ 'ਕਾਰਪੋਰੇਟ ਘਰਾਣਿਉ-ਖੇਤੀ ਛੱਡੋ' ਅਤੇ 'ਕਾਰਪੋਰੇਟ ਭਜਾਉ-ਖੇਤੀ ਕਿਸਾਨੀ ਬਚਾਉ' ਦਾ ਸੱਦਾ ਦਿਤਾ ਗਿਆ ਸੀ ਨੂੰ ਲਾਗੂ ਕਰਦੇ ਹੋਏ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਨੇ ਅੱਜ ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 21 ਜ਼ਿਲ੍ਹਿਆਂ ਵਿਚ ਚੁਣੇ ਹੋਏ ਵੱਖ-ਵੱਖ ਪਾਰਟੀਆਂ ਦੇ ਵਿਧਾਇਕਾਂ, ਮੈਂਬਰ ਪਾਰਲੀਮੈਂਟਾਂ ਅਤੇ ਮੰਤਰੀਆਂ ਦੇ ਦਫ਼ਤਰਾਂ ਜਾਂ ਫਿਰ ਘਰਾਂ ਤਕ ਮੋਟਰਸਾਈਕਲ ਮੁਜ਼ਾਹਰੇ ਕੱਢੇ। ਇਨ੍ਹਾਂ ਮੋਟਰਸਾਈਕਲ ਮਾਰਚਾਂ ਵਿਚ ਕਾਰਾਂ, ਜੀਪਾਂ ਅਤੇ ਸਕੂਟਰਾਂ 'ਤੇ ਸਵਾਰ ਕਿਸਾਨਾਂ ਨੇ ਵੀ ਸ਼ਮੂਲੀਅਤ ਕੀਤੀ।

ਇਨ੍ਹਾਂ ਵਿਧਾਇਕਾਂ ਤੇ ਐਮ.ਐਲ.ਏਜ਼ ਦੇ ਘਰਾਂ ਤਕ ਮਾਰਚ ਕੀਤਾ- ਪੰਜਾਬ ਭਰ 'ਚੋਂ ਇਕੱਤਰ ਰਿਪੋਰਟ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਚੈਪਟਰ ਦੇ ਕਨਵੀਨਰ ਡਾ: ਦਰਸ਼ਨ ਪਾਲ ਨੇ ਦਸਿਆ ਕ ਪੂਰੇ ਪੰਜਾਬ ਵਿਚ 100 ਤੋਂ ਵੱਧ ਚੁਣੇ ਹੋਏ ਨੁਮਾਂਇੰਦਿਆਂ ਦੇ ਦਫ਼ਤਰਾਂ/ਘਰਾਂ ਵਲ ਵਾਹਨ ਰੋਸ ਮੁਜ਼ਾਹਰੇ ਕਢੇ ਗਏ ਅਤੇ ਉਨ੍ਹਾਂ ਨੂੰ ਚਿਤਾਵਨੀ ਪੱਤਰ ਸੌਂਪੇ ਗਏ। ਜਿਨ੍ਹਾਂ ਨੁਮਾਇੰਦਿਆਂ ਨੂੰ ਚਿੱਠੀਆਂ ਸੌਂਪੀਆਂ ਗਈਆਂ ਉਨ੍ਹਾਂ ਵਿਚ ਪਟਿਅਲਾ ਜ਼ਿਲ੍ਹੇ ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਕੈਬੀਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਾਧੂ ਸਿੰਘ ਧਰਮਸੋਤ, ਸੰਸਦ ਮੈਂਬਰ ਪਰਨੀਤ ਕੌਰ, ਸੰਗਰੂਰ 'ਚ ਵਿਜੈਇੰਦਰ ਸਿੰਗਲਾ, ਭਗਵੰਤ ਸਿੰਘ ਮਾਨ ਐਮ.ਪੀ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਅੰਮ੍ਰਿਤਸਰ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਗੁਰਜੀਤ ਸਿੰਘ ਔਜਲਾ ਐਮ.ਪੀ ਅਤੇ ਬਿਕਰਮਜੀਤ ਸਿੰਘ ਮਜੀਠੀਆ ਐਮਐਲਏ, ਬਠਿੰਡਾ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਮੰਤਰੀ ਗੁਰਪਰੀਤ ਸਿੰਘ ਕਾਂਗੜ, ਫ਼ਿਰੋਜ਼ਪੁਰ 'ਚ ਰਾਣਾ ਗੁਰਮੀਤ ਸਿੰਘ ਸੋਢੀ, ਮਾਨਸਾ 'ਚ ਐਮ.ਪੀ. ਬਲਵਿੰਦਰ ਸਿੰਘ ਭੂੰਦੜ, ਗੁਰਦਾਸਪੁਰ 'ਚ ਕੈਬਿਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਰੁਣਾ ਚੌਧਰੀ ਅਤੇ ਐਮ.ਪੀ. ਪ੍ਰਤਾਪ ਸਿੰਘ ਬਾਜਵਾ, ਲੁਧਿਆਣਾ 'ਚ ਦੋਵੇਂ ਬੈਂਸ ਭਰਾਵਾਂ ਅਤੇ ਕੈਬਿਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਮਨਪਰੀਤ ਸਿੰਘ ਇਆਲੀ, ਜਲੰਧਰ 'ਚ ਐਮ.ਪੀ. ਸੰਤੋਖ ਸਿੰਘ ਅਤੇ ਐਮ.ਐਲ.ਏ ਪ੍ਰਗਟ ਸਿੰਘ, ਹੋਸ਼ਿਆਰਪੁਰ ਤੋਂ ਕੈਬਿਨਿਟ ਮੰਤਰੀ ਸ਼ਿਆਮ ਸੁੰਦਰ ਅਰੋੜਾ ਅਤੇ ਮੋਗਾ 'ਚ ਸੁਖਜੀਤ ਕਾਕਾ ਲੋਹਗੜ੍ਹ ਆਦਿ ਮੁੱਖ ਹਨ।

ਸਾਰੇ ਹੀ ਨੁਮਾਇੰਦਿਆਂ ਨੂੰ ਉਹ ਚਿੱਠੀ ਪੱਤਰ ਸੌਂਪੀ ਗਈ ਜੋ 9 ਸੂਤਰੀ ਮੰਗ ਪੱਤਰ ਦੇ ਰੂਪ ਵਿਚ ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ 'ਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਭੇਜੀ ਹੈ। ਚਿਤਾਵਨੀ ਪੱਤਰ 'ਚ ਸਾਰੇ ਚੁਣੇ ਹੋਏ ਨੁਮਾਂਇੰਦਿਆਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਜੇਕਰ ਉਹ ਪਾਰਲੀਮੈਂਟ ਅਤੇ ਅਸੈਂਬਲੀ ਦੇ ਅੰਦਰ ਅਤੇ ਬਾਹਰ ਆਵਾਜ਼ ਉਠਾ ਕੇ ਅਤੇ ਰੋਸ ਜਤਾ ਕੇ ਕਿਸਾਨ ਅਤੇ ਖੇਤੀ ਵਿਰੋਧੀ ਤਿੰਨ ਆਰਡੀਨੈਸਾਂ ਅਤੇ ਬਿਜਲੀ ਬਿਲ-2020 ਨੂੰ ਵਾਪਸ ਲੈਣ, ਡੀਜ਼ਲ ਅਤੇ ਪਟਰੌਲ ਦਾ ਰੇਟ ਅੱਧਾ ਕਰਾਉਣ, ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਿਕ ਤਹਿ ਕਰਵਾਉਣ, ਸਾਰੇ ਕਿਸਾਨਾਂ ਦੇ ਸਾਰੇ ਕਰਜ਼ਿਆਂ 'ਤੇ ਲੀਕ ਮਰਵਾਉਣ ਅਤੇ ਦੁਧ ਉਤਪਾਦਕਾਂ ਅਤੇ ਦੁਧ ਧੰਦੇ 'ਤੇ ਨਿਰਭਰ ਕਿਸਾਨਾਂ ਨੂੰ 10 ਰੁਪਏ ਪ੍ਰਤੀ ਯੂਨਿਟ ਫੈਟ ਸਰਕਾਰ ਵਲੋਂ ਖ਼ਰੀਦਣ ਲਈ ਦਬਾਅ ਪਾਉਣ ਅਤੇ ਗੰਨਾਂ ਉਤਪਾਦਕਾਂ ਦੀ ਬਕਾਇਆ ਰਕਮ ਵਿਆਜ਼ ਸਮੇਤ ਦਿਵਾਉਣ ਅਤੇ ਕਿਸਾਨਾਂ ਦੇ ਹੋਰ ਮੰਗਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਨੂੰ ਮਜਬੂਰ ਨਹੀਂ ਕਰਦੇ, ਤਾਂ ਆਉਣ ਵਾਲੇ ਦਿਨਾਂ ਵਿਚ ਉਹ ਪਿੰਡਾਂ ਵਿਚ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਲਈ ਤਿਆਰ ਰਹਿਣ।

ਇਨ੍ਹਾਂ ਮਾਰਚਾਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਰਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ: ਦਰਸ਼ਨ ਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿੰਮਾ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਜਨਰਲ ਸਕੱਤਰ ਕਰਮਜੀਤ ਸਿੰਘ ਤਲਵੰਡੀ; ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ; ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਜਨਰਲ ਸਕੱਤਰ ਨਿਰਵੈਲ ਸਿੰਘ ਡਾਲੇਕੇ; ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁਡੀਕੇ ਅਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ; ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨ੍ਹਾਂਵਾਲ ਅਤੇ ਜੈ ਕਿਸਾਨ ਅੰਦੋਲਨ ਦੇ ਪੰਜਾਬ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ ਨੇ ਕੀਤੀ।