ਕਮਾਈ ਦੀ ਥਾਂ ਕੁਵੈਤ ਤੋਂ ਪਰਤੀ ਸੁਖਵਿੰਦਰ ਦੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਵਾਸੀਆਂ ਵਲੋਂ ਗ਼ਰੀਬ ਪਰਵਾਰ ਲਈ ਸਰਕਾਰ ਤੋਂ ਸਹਾਇਤਾ ਦੀ ਮੰਗ

File Photo

ਬੰਗਾ, 10 ਅਗੱਸਤ (ਮਨਜਿੰਦਰ ਸਿੰਘ) : ਅੱਜ ਕਟਾਰੀਆਂ 'ਚ ਮਾਹੌਲ ਉਦੋਂ ਗ਼ਮਗੀਨ ਬਣ ਗਿਆ ਜਦੋਂ ਇਥੋਂ ਦੇ ਨੌਜਵਾਨ ਸੁਖਵਿੰਦਰ ਰਾਮ ਦੀ ਲਾਸ਼ ਕੁਵੈਤ ਤੋਂ ਡੱਬੇ 'ਚ ਬੰਦ ਹੋ ਕੇ ਪਿੰਡ ਪਰਤੀ। ਉਸ ਦੇ ਮਾਪੇ ਉਸ ਦੀ ਕਮਾਈ ਨਾਲ ਘਰ ਦੀ ਮੰਦੀ ਖ਼ਤਮ ਕਰਨ ਬਾਰੇ ਸੋਚ ਹੀ ਰਹੇ ਸਨ ਕਿ ਡੇਢ ਸਾਲ ਬਾਅਦ ਸੁਖਵਿੰਦਰ ਦੀ ਮੌਤ ਦੀ ਖ਼ਬਰ ਨੇ ਸਾਰਿਆਂ ਨੂੰ ਸੁੰਨ ਕਰ ਕੇ ਰੱਖ ਦਿਤਾ। ਉਸ ਦੇ ਪਰਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਨਮ ਅੱਖਾਂ ਨਾਲ ਸਸਕਾਰ ਕਰ ਦਿਤਾ ਗਿਆ ਹੈ। ਉਸ ਨੂੰ ਅਗਨੀ ਦਿਖਾਉਣ ਦੀ ਰਸਮ ਉਸ ਦੇ ਚਾਰ ਸਾਲ ਦੇ ਪੁੱਤਰ ਸ਼ਿਵਜੋਤ ਜੱਖੂ ਨੇ ਕੀਤੀ। ਕੁਵੈਤ ਜਾ ਕੇ ਸੁਖਵਿੰਦਰ ਰਾਮ ਨੂੰ ਇਕ ਤਾਂ ਦੇਰ ਨਾਲ ਕੰਮ ਮਿਲਿਆ ਅਤੇ ਬਾਅਦ 'ਚ ਉਸ ਨੇ ਹੌਲੀ-ਹੌਲੀ ਪਰਵਾਰ ਸਿਰ ਚੜੇ ਕਰਜ਼ੇ ਦੀਆਂ ਕਿਸ਼ਤਾਂ ਮੋੜਣੀਆਂ ਸ਼ੁਰੂ ਹੀ ਕੀਤੀਆਂ ਸਨ ਕਿ ਅਚਾਨਕ ਉਸ ਦੀ ਤਬੀਅਤ ਵਿਗੜ ਗਈ।

ਆਖਰ ਦਿਲ ਦੇ ਦੌਰੇ ਨਾਲ ਉਹ 5 ਅਗੱਸਤ ਨੂੰ ਦਮ ਤੋੜ ਗਿਆ। ਉਸ ਦੇ ਪਿਤਾ ਚਰਨ ਦਾਸ ਤੇ ਮਾਤਾ ਹਰਬੰਸ ਕੌਰ ਨੇ ਦਸਿਆ ਕਿ ਉਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਪਰ ਹੁਣ ਆਹ ਭਾਣਾ ਵਰਤ ਗਿਆ। ਮਿਤ੍ਰਕ ਅਪਣੇ ਪਿੱਛੇ ਬਿਰਧ ਮਾਤਾ-ਪਿਤਾ, ਪਤਨੀ ਅਤੇ ਧੀ-ਪੁੱਤਰ ਵਿਲਕਦੇ ਛੱਡ ਗਿਆ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਇਸ ਦੁੱਖ ਦੀ ਘੜੀ 'ਚ ਪਰਵਾਰ ਦੀ ਆਰਥਕ ਮਦਦ ਕੀਤੀ ਜਾਵੇ। ਇਸ ਮੌਕੇ ਬਾਬਾ ਸਾਧੂ ਸ਼ਾਹ ਚਿਸ਼ਤੀ ਸਾਬਰੀ ਕਟਾਰੀਆਂ, ਸਾਈਂ ਲਖਬੀਰ ਸ਼ਾਹ ਕਾਦਰੀ, ਲੰਬਰਦਾਰ ਵਰਿੰਦਰ ਸਿੰਘ, ਪ੍ਰੇਮ ਲਾਲ ਸਰਪੰਚ, ਰਸ਼ਪਾਲ ਚੰਦ ਪੰਚ, ਗੁਰਮੇਲ ਚੰਦ ਪੰਚ, ਨਵਜੋਤ ਸਿੰਘ ਜੱਖੂ,ਗੁਰਬਚਨ ਸਿੰਘ ਫ਼ੌਜ਼ੀ, ਮਲਕੀਅਤ ਸਿੰਘ ਬੰਗਾ, ਗੁਰਬਚਨ ਬਾਦਸ਼ਾਹ ਆਦਿ ਹਾਜ਼ਰ ਸਨ।