ਮੁੱਖ ਮੰਤਰੀ ਨੇ ਬਾਜਵਾ ਦੇ ਬਦਲਾਖੋਰੀ ਦੇ ਦੋਸ਼ ਨਕਾਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜ ਸਭਾ ਮੈਂਬਰ ਦੀ ਸੁਰੱਖਿਆ ਵਿਚ ਹੁਣ ਕੋਵਿਡ ਤੋਂ ਪਹਿਲਾਂ ਨਾਲੋਂ ਵੀ ਵੱਧ ਜਵਾਨ ਤਾਇਨਾਤ

Captain Amrinder Singh and Partap Singh Bajwa

ਚੰਡੀਗੜ੍ਹ, 10 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵਲੋਂ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਵਾਪਸ ਲੈਣ ਵਿਚ ਉਨ੍ਹਾਂ ਦੁਆਰਾ ਲਾਏ ਬਦਲਾਖੋਰੀ ਦੇ ਦੋਸ਼ਾਂ ਨੂੰ ਰੱਦ ਕਰ ਦਿਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਮਾਰਚ ਮਹੀਨੇ ਵਿਚ ਕੇਂਦਰ ਵਲੋਂ ਰਾਜ ਸਭਾ ਮੈਂਬਰ ਨੂੰ ਮੁਹਈਆ ਕਰਵਾਈ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਗਰੋਂ ਸਾਲ 2013 ਦੀ ਸੂਬੇ ਦੀ ਸੁਰੱਖਿਆ ਨੀਤੀ ਦੇ ਅਨੁਸਾਰ ਉਸ ਨੂੰ ਦਰਪੇਸ਼ ਖ਼ਤਰੇ ਦੀ ਸਮੇਂ-ਸਮੇਂ ਕੀਤੀ ਜਾਣ ਵਾਲੀ ਸਮੀਖਿਆ 'ਤੇ ਅਧਾਰਿਤ ਇਹ ਆਮ ਪ੍ਰਕ੍ਰਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ, ਉਨ੍ਹਾਂ ਦੀ ਸਰਕਾਰ ਕਿਸੇ ਵੀ ਵਿਅਕਤੀ ਨੂੰ ਸਹੀ ਮਾਅਨਿਆਂ ਵਿਚ ਜ਼ਰੂਰਤ ਹੋਣ 'ਤੇ ਸੁਰੱਖਿਆ ਦੇਣ ਤੋਂ ਇਨਕਾਰ ਨਹੀਂ ਕਰੇਗੀ ਪਰ ਬੇਵਜ੍ਹਾ ਪੁਲਿਸ ਮੁਲਾਜ਼ਮਾਂ ਨੂੰ ਵਿਹਲਾ ਨਹੀਂ ਕਰ ਸਕਦੀ ਖਾਸ ਕਰ ਕੇ ਉਸ ਵੇਲੇ ਜਦੋਂ ਕੋਵਿਡ ਦੀ ਮਹਾਂਮਾਰੀ ਦਰਮਿਆਨ ਪੁਲਿਸ ਫ਼ੋਰਸ ਬਹੁਤ ਨਿਯੰਤਰਨ ਤੇ ਦਬਾਅ ਵਿਚੋਂ ਗੁਜ਼ਰ ਰਹੀ ਹੈ।    

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਕੀਤੇ ਜਾਂਦੇ ਖ਼ਤਰੇ ਦੇ ਮੁਲਾਂਕਣ ਦੇ ਮੁਤਾਬਕ ਬਾਦਲਾਂ ਨੂੰ ਸੁਰੱਖਿਆ ਖ਼ਤਰੇ ਦੇ ਸੰਕੇਤ ਦੇ ਮਦੇਨਜ਼ਰ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਾਜਵਾ ਦੀ ਸ਼ਿਕਾਇਤ ਹੋਛੀ ਤੇ ਬੇਮਾਅਨਾ ਹੈ ਅਤੇ ਨਾ ਹੀ ਇਹ ਤੱਥਾਂ 'ਤੇ ਅਧਾਰਿਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਨੂੰ ਦਰਪੇਸ਼ ਵੱਧ ਖ਼ਤਰੇ ਦੇ ਮਦੇਨਜ਼ਰ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵਲੋਂ ਦਿਤੀ ਜਾਂਦੀ ਜ਼ੈੱਡ ਪਲਿਸ ਸੁਰੱਖਿਆ ਤੋਂ ਇਲਾਵਾ ਪੰਜਾਬ ਪੁਲਿਸ ਵਲੋਂ ਵੀ ਸੁਰੱਖਿਆ ਮੁਹਈਆ ਕਰਵਾਈ ਗਈ ਹੈ।

ਉਨ੍ਹਾਂ ਕਿਹਾ ਕਿ ਬਾਜਵਾ ਅਤੇ ਬਾਦਲਾਂ ਦੇ ਮਾਮਲੇ ਦਰਮਿਆਨ ਕੋਈ ਤੁਲਨਾ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਨੂੰ ਦੇਸ਼ ਵਿਚ ਕਿਸੇ ਵੀ ਦਹਿਸ਼ਤਗਰਦੀ ਜਥੇਬੰਦੀ ਵਲੋਂ ਦਰਪੇਸ਼ ਕਿਸੇ ਖ਼ਤਰੇ ਸਬੰਧੀ ਕੋਈ ਵਿਸ਼ੇਸ਼ ਸੂਹ ਦੀ ਅਣਹੋਂਦ ਕਾਰਨ ਪੰਜਾਬ ਸਰਕਾਰ ਦੀ ਸੁਰੱਖਿਆ ਲੈਣ ਲਈ ਸ਼੍ਰੇਣੀਬੱਧ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੰਜਾਬ ਦੀ ਖੁਫੀਆ ਸੂਚਨਾ ਵਿਚ ਇਹ ਦਰਸਾਇਆ ਗਿਆ ਹੈ ਕਿ ਬਾਜਵਾ ਇਕ ਸੰਸਦ ਮੈਂਬਰ ਦੇ ਨਾਤੇ ਸਿਰਫ ਅਹੁਦੇ ਦੀ ਸੁਰੱਖਿਆ ਦੇ ਹੱਕਦਾਰ ਹਨ, ਜਿਵੇਂ ਕਿ ਮੰਤਰੀ ਮੰਡਲ ਵੱਲੋਂ ਸਾਲ 2013 ਵਿੱਚ ਮਨਜ਼ੂਰ ਕੀਤੀ ਸੂਬਾਈ ਸੁਰੱਖਿਆ ਨੀਤੀ ਵਿਚ ਦਰਜ ਹੈ।