ਬੇਅਦਬੀਆਂ ਕਰਵਾਉਣ ਵਾਲੇ ਪਟਿਆਲਾ 'ਚ ਧਰਨਾ ਦੇ ਕੇ ਡਰਾਮੇਬਾਜ਼ੀ ਕਰ ਰਹੇ ਹਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਮਿੰਦਰ ਢੀਂਡਸਾ ਨੇ ਬਾਦਲ ਦਲ ਨੂੰ ਲਿਆ ਲੰਮੇ ਹੱਥੀਂ

Parminder Dhindsa

ਚੰਡੀਗੜ੍ਹ, 10 ਅਗੱਸਤ (ਗੁਰਉਪਦੇਸ਼ ਭੁੱਲਰ): ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸ.ਜੀ.ਪੀ.ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਲੰਮੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਖ਼ੁਦ ਬੇਅਦਬੀਆਂ ਕਰਵਾਉਣ ਵਾਲੇ ਅੱਜ ਪਟਿਆਲਾ ਵਿਚ ਧਰਨਾ ਦੇ ਕੇ ਡਰਾਮੇਬਾਜ਼ੀ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਗਾਇਬ ਹੋਣ ਦੇ ਮਾਮਲੇ ਨੂੰ ਜਾਂਚ ਦੀ ਆੜ ਵਿਚ ਰਫਾ-ਦਫਾ ਕਰ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੇ ਯਤਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਹਾਲੇ ਤਕ ਇਨ੍ਹਾਂ 267 ਸਰੂਪਾਂ ਬਾਰੇ ਕੋਈ ਵੀ ਠੋਸ ਸਪਸ਼ਟੀਕਰਨ ਨਹੀਂ ਦਿਤਾ ਤੇ ਬੀਤੇ ਦਿਨੀਂ ਉਲਟਾ ਬਿਆਨ ਦਿਤਾ ਕਿ ਬਰਗਾੜੀ ਤੇ 267 ਸਰੂਪਾਂ ਦੇ ਮਾਮਲਿਆਂ ਵਿਚ ਬਹੁਤ ਅੰਤਰ ਹੈ।

ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਦੇ ਬਿਆਨ ਦਾ ਜ਼ਿਕਰ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ 267 ਸਰੂਪਾਂ ਦਾ ਮਾਮਲਾ ਲੇਖੇ ਜੋਖੇ ਵਿਚ ਗੜਬੜੀ ਦਾ ਹੈ। ਢੀਂਡਸਾ ਨੇ ਕਿਹਾ ਕਿ ਹਾਲੇ ਜਦ ਜਾਂਚ ਚਲ ਰਹੀ ਹੈ ਤਾਂ ਇਸ ਬਿਆਨ ਨਾਲ ਬਿੱਲੀ ਥੈਲਿਉਂ ਬਾਹਰ ਆ ਗਈ ਹੈ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਫ਼ੈਸਲਾ ਕਰ ਰਖਿਆ ਹੈ ਤੇ ਮਾਮਲੇ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਜਾਂਚ ਸਿਰਫ਼ ਲਿਪਾ ਪੋਚੀ ਤੋਂ ਵੱਧ ਕੁੱਝ ਨਹੀਂ। ਉਨ੍ਹਾਂ ਸੁਖਬੀਰ ਬਾਦਲ ਤੇ ਭਾਈ ਲੌਂਗੋਵਾਲ 'ਤੇ 267 ਸਰੂਪਾਂ ਬਾਰੇ ਅੱਜ ਤਕ ਕੋਈ ਪਸ਼ਚਾਤਾਪ ਨਾ ਕਰਨ 'ਤੇ ਵੀ ਸਵਾਲ ਉਠਾਏ।

ਉਨ੍ਹਾਂ ਕਿਹਾ ਕਿ ਹੁਣ ਅਪਣੀ ਹੋਂਦ ਬਚਾਉਣ ਲਈ ਪਟਿਆਲਾ ਵਿਚ ਧਰਨਾ ਦੇ ਕੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਜਦਕਿ ਨੈਤਿਕ ਆਧਾਰ 'ਤੇ ਬਾਦਲ ਦਲ ਨੂੰ ਇਸ ਦਾ ਕੋਈ ਹੱਕ ਨਹੀਂ। ਉਨ੍ਹਾਂ ਸਵਾਲ ਕੀਤਾ ਕਿ ਜਦ ਬਰਗਾੜੀ ਤੇ ਬਹਿਬਲ ਕਲਾਂ ਬੇਅਦਬੀ ਤੇ ਗੋਲੀ ਕਾਂਡ ਹੋਏ ਤਾਂ ਉਦੋਂ ਕਿਉਂ ਬਾਦਲ ਪ੍ਰਵਾਰ ਨੂੰ ਧਰਨੇ ਦੇਣ ਜਾਂ ਤੁਰਤ ਕਾਰਵਾਈ ਦਾ ਕੋਈ ਖ਼ਿਆਲ ਨਹੀਂ ਆਇਆ।

ਢੀਂਡਸਾ ਨੇ ਕਿਹਾ ਕਿ ਮੈਨੂੰ ਤਾਂ ਹੁਣ ਇਹ ਵੀ ਮਹਿਸੂਸ ਹੋਣ ਲੱਗਾ ਹੈ ਕਿ ਸੁਖਬੀਰ ਬਾਦਲ ਦਾ ਸਿੱਖੀ ਵਿਚ ਵਿਸ਼ਵਾਸ ਹੀ ਨਹੀਂ ਤੇ ਉਪਰੋਂ ਦਿਖਾਵਾ ਹੀ ਕਰਦੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਦਾ ਅਸਲੀ ਚੇਹਰਾ ਪੂਰੀ ਤਰ੍ਹਾਂ ਬੇਨਕਾਬ ਹੋਣ ਕਰ ਕੇ ਹੀ ਉਹ ਹੁਣ ਘਬਰਾਹਟ ਵਿਚ ਹੱਥ ਪੈਰ ਮਾਰ ਰਹੇ ਹਨ ਤੇ ਧਰਨੇ ਪ੍ਰਦਰਸ਼ਨ ਦੇ ਡਰਾਮੇ ਕਰਨ ਲੱਗੇ ਹਨ। ਢੀਂਡਸਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬੇਅਦਬੀਆਂ ਦੇ ਇਨਸਾਫ਼ ਲਈ ਸਿੱਖਾਂ ਨੂੰ ਅੰਦੋਲਨ ਹੀ ਕਰਨਾ ਪਵੇਗਾ ਅਤੇ ਬਾਦਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।