ਦਾਜ ਦੇ ਲੋਭੀਆਂ ਨੇ ਲਈ ਨਵ-ਵਿਆਹੁਤਾ ਦੀ ਜਾਨ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ‘ਚ ਬਤੌਰ ਕਾਂਸਟੇਬਲ ਭਰਤੀ ਹੈ ਪਤੀ

Dowry greedy for newlyweds, married 4 months ago

ਜਲਾਲਾਬਾਦ ( ਅਰਵਿੰਦਰ ਤਨੇਜਾ)  ਬੇਸ਼ਕ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਆ ਪਰ ਫਿਰ ਵੀ ਧੀਆਂ ਨੂੰ ਉਹਨਾਂ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਧੀ ਦਾਜ ਦੀ ਬਲੀ ਚੜਦੀ ਹੈ। ਅਜਿਹਾ ਹੀ ਮਾਮਲਾ ਜਲਾਲਾਬਾਦ ਦੇ ਪਿੰਡ ਖੁੰਡ ਵਾਲਾ ਤੋਂ ਸਾਹਮਣੇ ਆਇਆ ਹੈ ਜਿਥੇ  ਚਾਰ ਮਹੀਨੇ ਪਹਿਲਾਂ ਵਿਆਹੀ ਲੜਕੀ ਦੀ ਭੇਦ ਭਰੇ ਹਾਲਾਤਾਂ 'ਚ ਮੌਤ ਹੋ ਗਈ।

 

 

ਮ੍ਰਿਤਕ ਵੀਰਪਾਲ ਕੌਰ ਦਾ ਵਿਆਹ 29 ਜਨਵਰੀ ਨੂੰ ਹੋਇਆ ਸੀ। ਵੀਰਪਾਲ ਦਾ ਪਤੀ ਪੰਜਾਬ ਪੁਲਿਸ ਦੇ ਵਿਚ ਬਤੌਰ ਕਾਂਸਟੇਬਲ ਨੌਕਰੀ ਕਰਦਾ ਹੈ ਜੋ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੀ ਚੌਕੀ ਲਾਧੂਕਾ ਦੇ ਵਿਚ ਤੈਨਾਤ ਹੈ। ਮ੍ਰਿਤਕ ਵੀਰਪਾਲ ਕੌਰ ਦੇ ਪਿਤਾ ਨੇ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਨ ਅਤੇ ਉਸਦੀ ਬੇਟੀ ਨੂੰ ਕਤਲ ਕਰਨ ਦੇ ਲਾਏ ਆਰੋਪ ਲਾਏ ਹਨ।

 

 

ਵੀਰਪਾਲ ਕੌਰ ਦੇ ਪਿਤਾ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਸਹੁਰੇ ਨੇ ਫੋਨ ਕਰਕੇ ਦੱਸਿਆ ਸੀ ਕਿ ਵੀਰਪਾਲ ਕੌਰ ਨੇ ਆਤਮਹੱਤਿਆ ਕਰ ਲਈ ਹੈ। ਜਿਸ ਮਗਰੋਂ  ਉਹ ਲੜਕੀ ਦੇ ਸਹੁਰੇ ਘਰ ਪਹੁੰਚੇ ਤਾਂ ਉਨ੍ਹਾਂ ਦੀ ਬੇਟੀ ਦੀ ਲਾਸ਼ ਵੇਖਕੇ ਉਨਾਂ ਨੂੰ ਮਾਮਲਾ ਆਤਮਹੱਤਿਆ ਦਾ ਨਹੀਂ ਲੱਗਾ ਬਲਕਿ ਉਨ੍ਹਾਂ ਦੀ ਬੇਟੀ ਦੀ ਪਰਿਵਾਰਕ ਮੈਂਬਰਾਂ ਵੱਲੋਂ ਮਿਲੀਭੁਗਤ ਕਰ ਕੇ ਹੱਤਿਆ ਕੀਤੀ ਗਈ ਹੈ।

 

 

ਮੁਖਤਿਆਰ ਸਿੰਘ ਨੇ ਦੱਸਿਆ ਕਿ ਵਿਆਹ ਤੋਂ ਮਹਿਜ਼ ਕੁਝ ਦਿਨ ਬਾਅਦ ਹੀ ਉਨ੍ਹਾਂ ਤੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਜਿਸ ਤੇ ਉਨ੍ਹਾਂ ਨੇ ਪੰਜਾਹ ਹਜ਼ਾਰ ਰੁਪਏ ਦੇ ਦਿੱਤੇ ਸਨ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਲਗਾਤਾਰ ਹੀ  ਉਹ  ਪੈਸੇ ਦਿੰਦੇ ਆ ਰਹੇ ਹਨ ਅਤੇ ਪੈਸੇ ਕਾਰਨ ਹੀ ਉਨ੍ਹਾਂ ਦੀ ਬੇਟੀ ਦੀ ਹੱਤਿਆ ਕੀਤੀ ਗਈ ਹੈ।

 

ਆਏ ਦਿਨ ਸਾਹਮਣੇ ਆ ਰਹੇ ਦਾਜ ਦੇ ਮਾਮਲੇ ਕਿਤੇ ਨਾ ਕਿਤੇ ਸਮਾਜ ਦੇ ਬਦਸੂਰਤ ਰੀਤੀ ਰਿਵਾਜਾਂ ਨੂੰ ਬੇਪਰਦਾ ਜ਼ਰੂਰ ਕਰ ਰਹੇ ਹਨ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਦੇ ਵੱਲੋਂ ਧਾਰਾ 304 ਬੀ ਦੇ ਤਹਿਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।