ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨਾਲ ਇਕ ਘੰਟਾ ਕੀਤੀ ਪੰਜਾਬ ਦੇ ਮੁੱਦਿਆਂ ’ਤੇ ਚਰਚਾ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨਾਲ ਇਕ ਘੰਟਾ ਕੀਤੀ ਪੰਜਾਬ ਦੇ ਮੁੱਦਿਆਂ ’ਤੇ ਚਰਚਾ

image

ਮੀਟਿੰਗ ਵਿਚ ਹਰੀਸ਼ ਰਾਵਤ ਵੀ ਰਹੇ ਮੌਜੂਦ, 18 ਨੁਕਾਤੀ ਏਜੰਡੇ ਦੀ ਪ੍ਰਗਤੀ ਬਾਰੇ ਸੋਨੀਆ ਨੂੰ ਦਿਤੀ ਜਾਣਕਾਰੀ

ਚੰਡੀਗੜ੍ਹ, 10 ਅਗੱਸਤ (ਗੁਰਉਪਦੇਸ਼ ਭੁੱਲਰ) : ਨਵਜੋਤ ਸਿੱਧੂ ਨੇ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਨਵੀਂ ਦਿੱਲੀ ਪਹੁੰਚ ਕੇ ਸ਼ਾਮ ਨੂੰ ਮੁਲਾਕਾਤ ਕੀਤੀ। ਲਗਾਤਾਰ ਇਕ ਘੰਟੇ ਤਕ ਚਲੀ ਮੀਟਿੰਗ ਵਿਚ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। 
ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਰਹੇ। ਭਾਵੇਂ ਇਸ ਮੀਟਿੰਗ ਦੇ ਜ਼ਿਆਦਾ ਵੇਰਵੇ ਤਾਂ ਹਾਲੇ ਬਾਹਰ ਨਹੀਂ ਆਏ ਪਰ ਮੰਨਿਆ ਜਾ ਰਿਹਾ ਹੈ ਕਿ ਜਿਥੇ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਵਲੋਂ ਮਿਲੇ 18 ਨੁਕਾਤੀ ਏਜੰਡੇ ਦੀ ਪ੍ਰਗਤੀ ਬਾਰੇ ਪਾਰਟੀ ਪ੍ਰਧਾਨ ਨੂੰ ਜਾਣਕਾਰੀ ਦਿਤੇ ਹੈ ਉਥੇ ਮੰਤਰੀ ਮੰਡਲ ਵਿਚ ਸੰਭਾਵੀ ਫੇਰਬਦਲ ਬਾਰੇ ਵੀ ਚਰਚਾ ਕੀਤੀ ਹੈ। ਪਰ ਮੰਤਰੀ ਮੰਡਲ ਵਿਚ ਫੇਰਬਦਲ ਬਾਰੇ ਫ਼ਿਲਹਾਲ ਕੋਈ ਪ੍ਰਵਾਨਗੀ ਨਹੀਂ ਮਿਲੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵਲੋਂ ਕੀਤੇ ਟਵੀਟ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੀ ਮੀਟਿੰਗ ਵਧੀਆ ਰਹੀ ਹੈ। ਪੰਜਾਬ ਦੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਪਾਰਟੀ ਪ੍ਰਧਾਨ ਨੇ ਤਸੱਲੀ ਪ੍ਰਗਟ ਕੀਤੀ ਹੈ। ਪਰ ਇਸ ਟਵੀਟ ਵਿਚ ਮੰਤਰੀ ਮੰਡਲ ਵਿਚ ਫੇਰਬਦਲ ਬਾਰੇ ਕਿਸੇ ਚਰਚਾ ਦਾ ਜ਼ਿਕਰ ਨਹੀਂ।
ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ ਵੀ ਗਏ ਸਨ। ਮੁੱਖ ਮੰਤਰੀ ਅਪਣੇ ਨਾਲ ਦੋ ਫ਼ਾਈਲਾਂ ਲੈ ਕੇ ਗਏ ਸਨ। ਇਕ ’ਚ 18 ਨੁਕਾਤੀ ਏਜੰਡੇ ’ਤੇ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਬਾਰੇ ਰੀਪੋਰਟ ਸੀ ਅਤੇ ਦੂਜੀ ਫ਼ਾਈਲ ’ਚ ਮੰਤਰੀਆਂ ਦੀ ਕਾਰਗੁਜ਼ਾਰੀ ਰੀਪੋਰਟ ਸੀ, ਜਿਸ ਦੇ ਆਧਾਰ ’ਤੇ ਸੰਭਾਵੀ ਫੇਰਬਦਲ ਦਾ ਆਧਾਰ ਬਣਾਉਣਾ ਸੀ ਪਰ ਇਸ ਮਾਮਲੇ ਨੂੰ ਲੈ ਕੇ ਗੱਲ ਹਾਲੇ ਅੱਗੇ ਨਹੀਂ ਵਧ ਸਕੀ।