ਵਿਰੋਧੀ ਧਿਰਾਂ ਵਲੋਂ ਜ਼ੋਰਦਾਰ ਹੰਗਾਮੇ ਕਾਰਨ ਪੰਜ ਵਾਰ ਮੁਲਤਵੀ ਹੋਣ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਪ
ਵਿਰੋਧੀ ਧਿਰਾਂ ਵਲੋਂ ਜ਼ੋਰਦਾਰ ਹੰਗਾਮੇ ਕਾਰਨ ਪੰਜ ਵਾਰ ਮੁਲਤਵੀ ਹੋਣ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਉਠੀ
ਨਵੀਂ ਦਿੱਲੀ, 10 ਅਗੱਸਤ : ਪੇਗਾਸਸ ਜਾਸੂਸੀ ਮਾਮਲੇ ਸਮੇਤ ਕਈ ਮੁੱਦਿਆਂ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਮੰਗਲਵਾਰ ਨੂੰ ਰਾਜ ਸਭਾ ਦੀ ਬੈਠਕ ਵਾਰ ਵਾਰ ਮੁਲਤਵੀ ਹੋਣ ਦੇ ਬਾਅਦ ਸ਼ਾਮ ਚਾਰ ਵਜੇ ਪੂਰੇ ਦਿਨ ਲਈ ਚੁੱਕ ਦਿਤੀ ਗਈ। ਹੰਗਾਮੇ ਕਾਰਨ ਉਚ ਸਦਨ ਵਿਚ ਸਿਫ਼ਰ ਕਾਲ ਨਹੀਂ ਹੋ ਸਕਿਆ, ਪ੍ਰਸ਼ਨਕਾਲ ਬੇਹਦ ਛੋਟਾ ਰਿਹਾ ਅਤੇ ‘‘ਦੇਸ਼ ’ਚ ਖੇਤੀ ਨਾਲ ਸਬੰਧਿਤ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ’’ ’ਤੇ ਥੋੜੇ ਸਮੇਂ ਲਈ ਹੋਈ ਚਰਚਾ ’ਚ ਸਿਰਫ਼ ਦੋ ਹੀ ਵਾਰ ਅਪਣੀ ਗੱਲ ਰੱਖ ਸਕੇ।
ਇਸ ਦੌਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਵਿਰੁਧ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਰਾਜ ਸਭਾ ਅੰਦਰ ਪ੍ਰਤਾਪ ਸਿੰਘ ਬਾਜਵਾ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਜ਼ਬਰਦਸਤ ਨਾਹਰੇਬਾਜ਼ੀ ਕੀਤੀ ਗਈ। ਪ੍ਰਤਾਪ ਸਿੰਘ ਬਾਜਵਾ ਵੈੱਲ ’ਚ ਉਤਰ ਆਏ ਅਤੇ ਖੇਤੀ ਬਿਲਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਟੇਬਲ ’ਤੇ ਚੜ੍ਹ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਨਾਹਰੇਬਾਜ਼ੀ ਕੀਤੀ ਤੇ ਖੇਤੀ ਕਾਨੂੰਨਾਂ ਦੀ ਕਾਪੀ ਚੇਅਰਮੈਨ ਦੀ ਕੁਰਸੀ ਵਲ ਸੁੱਟੀ।
ਇਸ ਮੌਕੇ ਬਾਕੀ ਕਾਂਗਰਸੀ ਸਾਂਸਦਾਂ ਵਲੋਂ ਵੀ ਉਨ੍ਹਾਂ ਦਾ ਸਾਥ ਦਿਤਾ ਗਿਆ। ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਸ਼ਾਇਰਾਨਾ ਅੰਦਾਜ ’ਚ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਸੀ। ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਅਪਣੇ ਕਾਲੇ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੀ ਮੰਗ ਮੰਨਣੀ ਚਾਹੀਦੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪ੍ਰਤਾਪ ਸਿੰਘ ਬਾਜਵਾ ਇਹ ਗੱਲ ਕਹਿ ਚੁੱਕੇ ਹਨ ਕਿ ਉਨ੍ਹਾਂ ਵਲੋਂ ਰਾਜ ਸਭਾ ਅੰਦਰ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਕਰਨ ਦੀ ਮੰਗ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿਤੀ ਗਈ। ਕਈ ਵਾਰ ਹੋਏ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਜ਼ਿਕਰਯੋਗ ਹੈ ਕਿ ਅੱਜ ਰਾਜ ਸਭਾ ਵਿਚ ਕਾਂਗਰਸ ਸੰਸਦ ਮੈਂਬਰਾਂ ਨੇ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਲਈ ਨੋਟਿਸ ਦਿਤਾ ਸੀ ਪਰ ਸਦਨ ਵਿਚ ਕੋਈ ਸਾਰਥਕ ਚਰਚਾ ਨਾ ਹੋ ਸਕੀ। ਅੱਜ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਬਾਂਹ ਵਿਚ ਕਾਲੇ ਬੈਂਡ ਬੰਨ੍ਹ ਕੇ ਅਤੇ ਕਾਲੇ ਕਪੜੇ ਪਾ ਕੇ ਸਰਕਾਰ ਦਾ ਵਿਰੋਧ ਕੀਤਾ। (ਏਜੰਸੀ)