ਜਗਦੀਪ ਧਨਖੜ ਬਣੇ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਵਾਈ ਅਹੁਦੇ ਦੀ ਸਹੁੰ
ਨਵੀਂ ਦਿੱਲੀ : ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਅਤੇ ਉਪ ਰਾਸ਼ਟਰਪਤੀ ਦੀ ਚੋਣ ਜਿੱਤਣ ਵਾਲੇ ਐਨਡੀਏ ਉਮੀਦਵਾਰ ਜਗਦੀਪ ਧਨਖੜ ਨੇ ਅੱਜ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿੱਚ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਤੋਂ ਪਹਿਲਾਂ ਉਨ੍ਹਾਂ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਦਿੱਤੀ।
ਤੁਹਾਨੂੰ ਦੱਸ ਦੇਈਏ ਕਿ ਧਨਖੜ ਨੇ ਸ਼ਨੀਵਾਰ ਨੂੰ ਉਪ ਰਾਸ਼ਟਰਪਤੀ ਚੋਣ 'ਚ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨ.ਡੀ.ਏ.) ਦੀ ਉਮੀਦਵਾਰ ਵਜੋਂ ਸਾਂਝੇ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ ਸੀ। ਧਨਖੜ ਦੇ ਸਿਆਸੀ ਸਫ਼ਰ ਬਾਰੇ ਗੱਲ ਕਰੀਏ ਤਾਂ ਉਹ 1989-91 ਦੌਰਾਨ ਰਾਜਸਥਾਨ ਦੇ ਝੁੰਝੁਨੂ (ਲੋਕ ਸਭਾ ਹਲਕਾ) ਤੋਂ 9ਵੀਂ ਲੋਕ ਸਭਾ ਵਿੱਚ ਜਨਤਾ ਦਲ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਸਨ।
ਉਹ 1993-98 ਦੌਰਾਨ ਰਾਜਸਥਾਨ ਦੀ 10ਵੀਂ ਵਿਧਾਨ ਸਭਾ ਵਿੱਚ ਕਿਸ਼ਨਗੜ੍ਹ, ਰਾਜਸਥਾਨ ਤੋਂ ਵਿਧਾਨ ਸਭਾ ਦੇ ਸਾਬਕਾ ਮੈਂਬਰ ਅਤੇ ਰਾਜਸਥਾਨ ਹਾਈ ਕੋਰਟ ਬਾਰ ਐਸੋਸੀਏਸ਼ਨ, ਜੈਪੁਰ ਦੇ ਸਾਬਕਾ ਪ੍ਰਧਾਨ ਵੀ ਸਨ। ਜਗਦੀਪ ਧਨਖੜ ਦਾ ਸਿਆਸੀ ਕਰੀਅਰ ਕਰੀਬ 30 ਸਾਲਾਂ ਦਾ ਹੈ। ਉਹ ਚੰਦਰਸ਼ੇਖਰ ਦੀ ਸਰਕਾਰ ਵਿੱਚ ਸੰਸਦੀ ਮਾਮਲਿਆਂ ਦੇ ਮੰਤਰੀ ਵਜੋਂ ਕੰਮ ਕਰ ਚੁੱਕੇ ਹਨ।
ਲੋਕ ਸਭਾ ਹੋਵੇ ਜਾਂ ਵਿਧਾਨ ਸਭਾ, ਉਹ ਜਿਸ ਵੀ ਸਦਨ ਦੇ ਮੈਂਬਰ ਰਹੇ ਉਸ ਦੀਆਂ ਅਹਿਮ ਕਮੇਟੀਆਂ ਵਿਚ ਸ਼ਾਮਲ ਰਹੇ ਹਨ। ਇਸ ਦੇ ਨਾਲ ਹੀ ਰਾਜਸਥਾਨ ਵਿੱਚ ਜਾਟ ਭਾਈਚਾਰੇ ਨੂੰ ਰਾਖਵਾਂਕਰਨ ਦਿਵਾਉਣ ਵਿੱਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਹੈ। 20 ਜੁਲਾਈ 2019 ਨੂੰ, ਉਸਨੂੰ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ।