ਨਿਤੀਸ਼ ਕੁਮਾਰ ਨੇ ਅਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਨਿਤੀਸ਼ ਕੁਮਾਰ ਨੇ ਅਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਕਿਹਾ, ਭਾਜਪਾ ਹੁਣ 2024 ਦੀਆਂ ਚੋਣਾਂ ਦੀ ਚਿੰਤਾ ਕਰੇ
ਪਟਨਾ, 10 ਅਗੱਸਤ : ਨਿਤੀਸ਼ ਕੁਮਾਰ (71) ਨੇ ਅੱਜ ਅਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ। ਬਿਹਾਰ ਦੇ ਰਾਜਪਾਲ ਫੱਗੂ ਚੌਹਾਨ ਨੇ ਪਟਨਾ ਦੇ ਰਾਜ ਭਵਨ ’ਚ ਆਯੋਜਤ ਇਕ ਸਮਾਰੋਹ ’ਚ ਨਿਤੀਸ਼ ਕੁਮਾਰ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਮੌਕੇ ਉਨ੍ਹਾਂ ਨਾਲ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਵੀ ਸਹੁੰ ਚੁਕੀ ਜੋ ਨਵੀਂ ਸਰਕਾਰ ’ਚ ਉਪ ਮੁੱਖ ਮੰਤਰੀ ਹੋਣਗੇ।
ਸਹੁੰ ਚੁਕਣ ਬਾਅਦ ਨੀਤੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ,‘‘ਉਨ੍ਹਾਂ ਵਲੋਂ ਜੇਡੀਯੂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਗਈ। ਮੈਂ ਤਾਂ ਮੁੱਖ ਮੰਤਰੀ ਬਨਣਾ ਵੀ ਨਹੀਂ ਚਾਹੁੰਦਾ ਸੀ। ਦਬਾਅ ਬਣਾਇਆ ਗਿਆ...ਕੀ-ਕੀ ਹੋਇਆ ਉਹ ਤੁਸੀਂ ਸਾਰੇ ਦੇਖ ਰਹੇ ਸੀ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਅਗਲੀਆਂ ਲੋਕ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ ਤਾਂ ਉਨ੍ਹਾਂ ਕਿਹਾ, ‘‘ਮੇਰੀ ਕੋਈ ਦਾਅਵੇਦਾਰੀ ਨਹੀਂ ਹੈ।’’ ਇਸ ਸਵਾਲ ’ਤੇ ਕਿ ਕੀ ਉਹ ਦੇਸ਼ ’ਚ ਹੁਣ ਵਿਰੋਧੀ ਧਿਰ ਦੀ ਰਾਜਨੀਤੀ ਨੂੰ ਮਜ਼ਬੂਤ ਕਰਨਗੇ, ਨਿਤੀਸ਼ ਨੇ ਕਿਹਾ, ‘‘ਪੱਕੇ ਤੌਰ ’ਤੇ ਕਰਾਂਗੇ। ਇਕ ਵਾਰ ਪਹਿਲਾਂ ਵੀ ਕੀਤਾ ਸੀ। ਅਸੀਂ ਚਾਹੁੰਦੇ ਹਾਂ ਕਿ ਸਾਰੇ ਮਿਲ ਕੇ ਪੂਰੀ ਤਰ੍ਹਾਂ ਨਾਲ ਮਜ਼ਬੂਤ ਹੋਣ...ਕੁੱਝ ਲੋਕਾਂ ਨੂੰ ਲਗਦਾ ਹੈ ਕਿ ਵਿਰੋਧੀ ਧਿਰ ਖ਼ਤਮ ਹੋ ਜਾਵੇਗੀ ਤਾਂ ਅਸੀਂ ਵੀ ਹੁਣ ਆ ਗਏ ਹਾਂ ਵਿਰੋਧ ’ਚ। ਉਨ੍ਹਾਂ ਕਿਹਾ, ‘‘ਜਿਨ੍ਹਾਂ ਨੂੰ 2014 ’ਚ ਜਿੱਤੀ ਮਿਲੀ, ਹੁਣ ਉਨ੍ਹਾਂ ਨੂੰ 2024 ਬਾਰੇ ਚਿੰਤਾ ਕਰਨੀ ਚਾਹੀਦੀ ਹੈ।’’
ਮੁੱਖ ਮੰਤਰੀ ਨੇ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘‘ਜੋ ਲੋਕ 2014 ਵਿਚ ਆਏ, ਉਹ 2024 ਦੇ ਅੱਗੇ ਰਹਿ ਪਾਉਣਗੇ ਜਾਂ ਨਹੀਂ?’’ ਇਹ ਪੁੱਛੇ ਜਾਣ ’ਤੇ ਕਿ ਅਟਲ ਬਿਹਾਰੀ ਵਾਜਪੇਈ ਅਤੇ ਨਰਿੰਦਰ ਮਦੀ ਵਿਚ ਕੀ ਅੰਤਰ ਹੈ, ਉਨ੍ਹਾਂ ਕਿਹਾ, ‘‘ਅਟਲ ਜੀ ਅਤੇ ਉਸ ਸਮੇਂ ਦੇ ਹੋਰ ਲੋਕ ਕਿੰਨਾ ਪਿਆਰ ਕਰਦੇ ਸੀ, ਉਹ ਅਸੀਂ ਕਦੇ ਭੁੱਲ ਸਕਦੇ ਹਾਂ ਕੀ? ਉਸ ਸਮੇਂ ਦੀ ਗੱਲ ਹੋਰ ਸੀ।’’
ਇਸ ਤੋਂ ਪਹਿਲਾਂ ਪਟਨਾ ਦੇ ਰਾਜ ਭਵਨ ’ਚ ਹੋਏ ਸਹੁੰ ਸਮਾਗਮ ’ਚ ਮਹਾਗਠਜੋੜ ਦੀਆਂ ਸਾਰੀਆਂ ਸੰਘਟਕ ਪਾਰਟੀਆਂ ਦੇ ਨੇਤਾ ਮੌਜੂਦ ਸਨ ਪਰ ਇਸ ਦੌਰਾਨ ਭਾਜਪਾ ਦਾ ਕੋਈ ਵੀ
ਵੱਡਾ ਨੇਤਾ ਨਜ਼ਰ ਨਹੀਂ ਆਇਆ। ਸਹੁੰ ਚੁੱਕ ਸਮਾਗਮ ਤੋਂ ਬਾਅਦ ਦੋਵਾਂ ਆਗੂਆਂ ਨੇ ਉੱਥੇ ਮੌਜੂਦ ਲੋਕਾਂ ਦਾ ਸਵਾਗਤ ਕੀਤਾ, ਜਿਸ ਤੋਂ ਬਾਅਦ ਦੋਵਾਂ ਆਗੂਆਂ ਨੂੰ ਲੋਕਾਂ ਵਲੋਂ ਵਧਾਈ ਦਿਤੀ ਗਈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ ਇਲਾਵਾ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਅਤੇ ਤੇਜਸਵੀ ਯਾਦਵ ਦੀ ਪਤਨੀ ਰਾਜਸ੍ਰੀ ਯਾਦਵ ਵੀ ਮੌਜੂਦ ਸਨ।
ਨਵੀਂ ਸਰਕਾਰ ਦੇ ਸਹੁੰ ਚੁੱਕਣ ਦੇ ਨਾਲ ਹੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਵਾਲੇ ਚਿਹਰਿਆਂ ਨੂੰ ਲੈ ਕੇ ਵੀ ਚਰਚਾ ਛਿੜ ਗਈ ਹੈ। ਇਸ ਦੌਰਾਨ ਜੋ ਖਬਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਮੁਤਾਬਕ ਗ੍ਰਹਿ ਵਿਭਾਗ ਨਿਤੀਸ਼ ਕੁਮਾਰ ਕੋਲ ਹੀ ਰਹੇਗਾ, ਹਾਲਾਂਕਿ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਸਹੁੰ ਚੁੱਕਣ ਤੋਂ ਪਹਿਲਾਂ ਤੇਜਸਵੀ ਯਾਦਵ ਨੇ ਬਿਹਾਰ ਦੇ ਵਿਕਾਸ ਬਾਰੇ ਗੱਲ ਕੀਤੀ। (ਏਜੰਸੀ)