ਰੱਖੜੀ 'ਤੇ ਸਖਤੀ: ਜੇਲ੍ਹ 'ਚ ਨਹੀਂ ਆਵੇਗੀ ਮਠਿਆਈ, ਮਿਸ਼ਰੀ ਨਾਲ ਕੈਦੀਆਂ ਦਾ ਹੋਵੇਗਾ ਮੂੰਹ ਮਿੱਠਾ
ਐਕਸਰੇ ਮਸ਼ੀਨਾਂ 'ਚ ਰੱਖੜੀਆਂ ਦੀ ਹੋਵੇਗੀ ਜਾਂਚ
ਲੁਧਿਆਣਾ: ਕੇਂਦਰੀ ਜੇਲ੍ਹ ਵਿੱਚ ਮੋਬਾਈਲ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਜਿਸ ਕਾਰਨ ਇਸ ਵਾਰ ਰੱਖੜੀ ਦੇ ਤਿਉਹਾਰ 'ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੁਝ ਸਖ਼ਤ ਕਦਮ ਚੁੱਕੇ ਗਏ ਹਨ ਅਤੇ ਬਦਲਾਅ ਕੀਤੇ ਗਏ ਹਨ। ਕੈਦੀਆਂ ਅਤੇ ਉਨ੍ਹਾਂ ਦੀਆਂ ਭੈਣਾਂ ਲਈ ਜੇਲ੍ਹ ਦੀ ਡਿਊਢੀ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਪਰ ਚੈਕਿੰਗ ਵਧੇਰੇ ਸਾਵਧਾਨੀ ਨਾਲ ਕੀਤੀ ਜਾਵੇਗੀ। ਪਹਿਲੀ ਵਾਰ ਜੇਲ੍ਹ ਵਿੱਚ ਮਠਿਆਈ ਲਿਆਉਣ ਦੀ ਮਨਾਹੀ ਹੋਵੇਗੀ ਅਤੇ ਭੈਣਾਂ ਮਿਸ਼ਰੀ ਨਾਲ ਹੀ ਆਪਣੇ ਕੈਦੀ ਭਰਾਵਾਂ ਦਾ ਮੂੰਹ ਮਿੱਠਾ ਕਰਵਾਉਣਗੀਆਂ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਇਸ ਵਾਰ ਵੀ ਰੱਖੜੀਆਂ ਦੀ ਜਾਂਚ ਕੀਤੀ ਜਾਵੇਗੀ।
ਜੇਲ੍ਹ ਵਿੱਚ 2600 ਤੋਂ ਵੱਧ ਕੈਦੀ ਹਨ। ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਜੇਲ੍ਹ ਦੀ ਡਿਉਢੀ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਹਨ। ਭੈਣਾਂ ਦੇ ਬੈਠਣ ਲਈ ਕੁਰਸੀਆਂ ਅਤੇ ਮੇਜ਼ ਰੱਖੇ ਜਾਣਗੇ। ਇਸ ਤੋਂ ਇਲਾਵਾ ਡਿਉਢੀ ਸਜਾਈ ਜਾਵੇਗੀ। ਭੈਣਾਂ ਆਪਣੇ ਭਰਾਵਾਂ ਲਈ ਜਿਹੜੀਆਂ ਰੱਖੜੀਆਂ ਲੈ ਕੇ ਆਉਣਗੀਆਂ ਉਨ੍ਹਾਂ ਨੂੰ ਐਕਸਰੇ ਮਸ਼ੀਨਾਂ ਵਿੱਚ ਪਾ ਕੇ ਚੈੱਕ ਕੀਤਾ ਜਾਵੇਗਾ ਅਤੇ ਭੈਣਾਂ ਦੀ ਤਲਾਸ਼ੀ ਲਈ ਜਾਵੇਗੀ। ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਰੱਖੜੀ ਬੰਨ੍ਹੀ ਜਾਵੇਗੀ। ਇਸ ਤੋਂ ਇਲਾਵਾ ਮਠਿਆਈ ਲਿਆਉਣ ਦੀ ਮਨਾਹੀ ਹੋਵੇਗੀ।
ਭਰਾਵਾਂ ਦਾ ਮੂੰਹ ਮਿੱਠਾ ਕਰਵਾਉਣ ਲਈ ਜੇਲ੍ਹ 'ਚੋਂ ਹੀ ਮਿਸ਼ਰੀ ਮਿਲੇਗੀ। ਹਰ ਭੈਣ ਨੂੰ ਆਪਣੇ ਭਰਾ ਨੂੰ ਮਿਲਣ ਲਈ 10 ਤੋਂ 15 ਮਿੰਟ ਦਿੱਤੇ ਜਾਣਗੇ, ਤਾਂ ਜੋ ਹਰ ਸਾਰਿਆਂ ਦੀ ਵਾਰੀ ਆ ਸਕੇ। ਡਿਉਢੀ 'ਚ ਡਬਲ ਲੇਅਰ 'ਚ ਸੁਰੱਖਿਆ ਵਿਵਸਥਾ ਹੋਵੇਗੀ। ਜਿਸ ਵਿੱਚ ਜੇਲ੍ਹ ਪੁਲਿਸ ਦੇ ਨਾਲ-ਨਾਲ ਸਪੈਸ਼ਲ ਫੋਰਸ ਵੀ ਤਾਇਨਾਤ ਰਹੇਗੀ। ਇਸ ਤੋਂ ਇਲਾਵਾ ਜੇਲ ਦੀਆਂ ਕੰਧਾਂ ਅਤੇ ਟਾਵਰਾਂ 'ਤੇ ਵੀ ਸੁਰੱਖਿਆ ਵਧਾ ਦਿੱਤੀ ਜਾਵੇਗੀ ਤਾਂ ਜੋ ਇਸ ਪੂਰੇ ਪ੍ਰੋਗਰਾਮ ਦੌਰਾਨ ਬਾਹਰੋਂ ਨਸ਼ੇ ਜਾਂ ਮੋਬਾਇਲ ਜੇਲ ਦੇ ਅੰਦਰ ਨਾ ਸੁੱਟੇ ਜਾਣ। ਜੇ ਕੋਈ ਸੁੱਟਦਾ ਹੈ, ਉਸ 'ਤੇ ਨਗਰਾਨੀ ਰੱਖੀ ਜਾਵੇਗੀ। ਇੱਕ ਦਿਨ ਪਹਿਲਾਂ ਜੇਲ੍ਹ ਦੇ ਕੰਟਰੋਲ ਰੂਮ ਵਿੱਚ ਲੱਗੇ ਕੈਮਰਿਆਂ ਦੀ ਵੀ ਜਾਂਚ ਕੀਤੀ ਗਈ ਹੈ। ਐਂਟਰੀ-ਐਗਜ਼ਿਟ, ਡਿਉਢੀ, ਬੈਰਕਾਂ ਅਤੇ ਹੋਰ ਸਾਰੀਆਂ ਥਾਵਾਂ 'ਤੇ ਕੈਮਰਿਆਂ ਦੀ ਸਥਿਤੀ ਅਤੇ ਫੋਕਸ ਸੈੱਟ ਕੀਤੇ ਗਏ ਸਨ।