ਜਗਤਪੁਰਾ-ਕੰਡਾਲਾ ਸੜਕ ਬਰਸਾਤੀ ਪਾਣੀ ਕਾਰਨ ਬਣੀ ਰਹਿੰਦੀ ਹੈ ਤਲਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਸੜਕ ਦੇ ਆਲੇ-ਦੁਆਲੇ ਜੋ ਮਕਾਨ ਜਾਂ ਦੁਕਾਨਾਂ ਬਣੀਆਂ ਹੋਈਆਂ ਹਨ, ਉਨ੍ਹਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ

File Photo

ਐਸ.ਏ.ਐਸ. ਨਗਰ  : ਨੇੜਲੇ ਪਿੰਡ ਜਗਤਪੁਰਾ ਤੋਂ ਕੰਡਾਲਾ ਤਕ ਸੜਕ ’ਤੇ ਮੀਂਹ ਪੈਣ ਮਗਰੋਂ ਕਈ-ਕਈ ਦਿਨ ਬਰਸਾਤੀ ਪਾਣੀ ਭਰਿਆ ਰਹਿੰਦਾ ਹੈ, ਜਿਸ ਕਾਰਨ ਲੋਕਾਂ ਦੀ ਜਾਨ ਦਾ ਖੌਅ ਬਣਿਆ ਰਹਿੰਦਾ ਹੈ। ਲਗਭਗ ਦਸ ਪਿੰਡਾਂ ਅਤੇ ਮੋਹਾਲੀ ਏਅਰਪੋਰਟ ਨੂੰ ਲਗਦੀ ਇਹ ਸੜਕ ਹੁਣ ਤਲਾਬ ਦਾ ਰੂਪ ਧਾਰਨ ਕਰ ਚੁਕੀ ਹੈ ਅਤੇ ਇਸ ’ਤੇ ਥਾਂ-ਥਾਂ ’ਤੇ ਡੂੰਘੇ ਤੇ ਵੱਡੇ ਟੋਏ ਪੈ ਗਏ ਹਨ।

ਪ੍ਰਸ਼ਾਸਨ ਵਲੋਂ ਸਟਰੀਟ ਲਾਈਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਰਾਤ ਨੂੰ ਆਉਣ-ਜਾਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਹਨੇਰਾ ਹੋਣ ਕਾਰਨ ਉਹ ਬੜੀ ਮੁਸ਼ਕਲ ਨਾਲ ਸੜਕ ਤੋਂ ਲੰਘਦੇ ਹਨ। ਕਈ ਵਾਰ ਦੁਪਹੀਆ ਵਾਹਨਾਂ ਵਾਲੇ ਉਥੇ ਡਿੱਗਣ ਕਾਰਨ ਸੱਟਾਂ ਖਾ ਚੁਕੇ ਹਨ। ਇਸ ਸੜਕ ’ਤੇ ਬਰਸਾਤੀ ਪਾਣੀ ਭਰੇ ਰਹਿਣ ਕਾਰਨ ਆਮ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਸੜਕ ਦੇ ਆਲੇ-ਦੁਆਲੇ ਜੋ ਮਕਾਨ ਜਾਂ ਦੁਕਾਨਾਂ ਬਣੀਆਂ ਹੋਈਆਂ ਹਨ, ਉਨ੍ਹਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਕਾਨਦਾਰਾਂ ਦੇ ਦੱਸਣ ਮੁਤਾਬਕ ਸੜਕ ’ਤੇ ਬਰਸਾਤੀ ਪਾਣੀ ਅਤੇ ਚਿੱਕੜ ਹੋਣ ਕਾਰਨ ਦੁਕਾਨਾਂ ’ਤੇ ਕੋਈ ਗਾਹਕ ਵੀ ਨਹੀਂ ਆਉਂਦਾ, ਜਿਸ ਨਾਲ ਉਨ੍ਹਾਂ ਦੇ ਕੰਮ ਠੱਪ ਹੋਣ ਲੱਗ ਪਏ ਹਨ।  

 

ਜ਼ਿਕਰਯੋਗ ਹੈ ਕਿ ਸੜਕ ਦੇ ਆਲੇ-ਦੁਆਲੇ ਜੋ ਰਿਹਾਇਸ਼ੀ ਮਕਾਨ ਬਣੇ ਹੋਏ ਹਨ ਉਨ੍ਹਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵੀ ਇਨ੍ਹਾਂ ਮਕਾਨਾਂ ਦਾ ਸਾਰਾ ਪਾਣੀ ਸੜਕ ’ਤੇ ਆਉਂਦਾ ਹੈ ਜੋ ਉਥੇ ਹੀ ਖੜਾ ਰਹਿੰਦਾ ਹੈ। ਨੇੜਲੇ ਪਿੰਡ ਵਾਸੀਆਂ ਨੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਵਲ ਤੁਰਤ ਧਿਆਨ ਦਿਤਾ ਜਾਵੇ ਤਾਂ ਜੋ ਸੜਕ ਤੋਂ ਲੰਘਣ ਵਾਲਿਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।