1,00,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਵਿਖੇ ਤਾਇਨਾਤ ਸੀ ASI ਸਤਨਾਮ ਸਿੰਘ

ASI arrested by Vigilance Bureau on charges of demanding bribe of Rs. 1,00,000

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿਖੇ ਤਾਇਨਾਤ ਏ.ਐਸ.ਆਈ. ਸਤਨਾਮ ਸਿੰਘ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 20,000 ਰੁਪਏ ਲੈਂਦਿਆਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੇ ਸ਼ਿਕਾਇਤਕਰਤਾ ਇੰਦਰਜੀਤ ਸਿੰਘ ਵਾਸੀ ਭਾਈ ਮੰਜ ਰੋਡ, ਅੰਮ੍ਰਿਤਸਰ ਤੋਂ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸਦਾ ਕਰੀਬੀ ਦੋਸਤ ਪਾਰਸ ਮਹਿਤਾ ਇੱਕ ਵਿੱਤੀ ਸਲਾਹਕਾਰ ਹੈ ਅਤੇ ਉਸਨੇ ਸੁਨੀਲ ਕੁਮਾਰ ਨਾਮੀ ਵਿਅਕਤੀ ਦੇ ਪੈਸੇ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕੀਤੇ। ਸ਼ੇਅਰ ਮਾਰਕੀਟ ਘਾਟੇ ਵਿੱਚ ਚਲੀ ਗਈ ਅਤੇ ਇਸ ਨਾਲ ਸੁਨੀਲ ਕੁਮਾਰ ਨੂੰ 2,00,000  ਰੁਪਏ ਦਾ ਨੁਕਸਾਨ ਹੋਇਆ। ਇਸ ਸਬੰਧੀ, ਸੁਨੀਲ ਕੁਮਾਰ ਨੇ ਉਸਨੂੰ ਆਪਣੇ ਘਰ ਬੁਲਾਇਆ ਜਿੱਥੇ ਸੁਨੀਲ ਕੁਮਾਰ ਅਤੇ ਉਸਦੇ ਦੋਸਤਾਂ ਨੇ ਉਸ ਤੋਂ ਚਾਰ ਖਾਲੀ ਚੈੱਕਾਂ ‘ਤੇ ਦਸਤਖਤ ਕਰਵਾਏ ਅਤੇ ਉਸ ਤੋਂ 600,000/- ਰੁਪਏ ਦਾ ਹਲਫਨਾਮਾ ਵੀ ਲਿਆ ਅਤੇ ਬਾਅਦ ਵਿੱਚ ਉਸ ਵਿਰੁੱਧ ਪੁਲਿਸ ਸਟੇਸ਼ਨ ਇਸਲਾਮਾਬਾਦ ਵਿੱਚ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਪਾਰਸ ਮਹਿਤਾ ਨੇ ਸੁਨੀਲ ਕੁਮਾਰ ਵਿਰੁੱਧ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਸ਼ਿਕਾਇਤ ਦਰਜ ਕਰਵਾਈ।

ਸੁਨੀਲ ਕੁਮਾਰ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਨੂੰ ਤਸਦੀਕ ਲਈ ਏ.ਐਸ.ਆਈ. ਸਤਨਾਮ ਸਿੰਘ ਨੂੰ ਮਾਰਕ ਕੀਤਾ ਗਿਆ। ਇਸ ਉਪਰੰਤ ਏ.ਐਸ.ਆਈ. ਨੇ ਪਾਰਸ ਮਹਿਤਾ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਸ਼ਿਕਾਇਤ ਉਸ ਨੂੰ ਮਾਰਕ ਕਰ ਦੇਣਗੇ ਅਤੇ ਇਸ ਕੇਸ ਦੇ ਨਿਪਟਾਰੇ ਲਈ 1,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਏ.ਐਸ.ਆਈ. ਸਤਨਾਮ ਸਿੰਘ ਨੇ ਮੰਗ ਕੀਤੀ ਕਿ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 20,000 ਰੁਪਏ ਉਨ੍ਹਾਂ ਨੂੰ ਤੁਰੰਤ ਦਿੱਤੇ ਜਾਣ। ਸ਼ਿਕਾਇਤਕਰਤਾ ਆਪਣੇ ਦੋਸਤ ਦੇ ਸਹੀ ਅਤੇ ਵਾਜਬ ਕੰਮ ਲਈ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਇਸ ਲਈ, ਵਿਜੀਲੈਂਸ ਬਿਊਰੋ ਵੱਲੋਂ ਅਜਿਹੇ ਭ੍ਰਿਸ਼ਟ ਅਧਿਕਾਰੀ ਨੂੰ ਕਾਬੂ ਕਰਵਾਉਣ ਲਈ, ਸ਼ਿਕਾਇਤਕਰਤਾ ਇੰਦਰਜੀਤ ਸਿੰਘ ਨੇ ਆਪਣੇ ਦੋਸਤ ਪਾਰਸ ਮਹਿਤਾ ਨਾਲ ਮਿਲ ਕੇ ਡੀ.ਐਸ.ਪੀ. ਵਿਜੀਲੈਂਸ ਬਿਊਰੋ ਯੂਨਿਟ ਅੰਮ੍ਰਿਤਸਰ ਕੋਲ ਇਸ ਮਾਮਲੇ ਦੀ ਰਿਪੋਰਟ ਕੀਤੀ।

ਵਿਜੀਲੈਂਸ ਬਿਊਰੋ, ਯੂਨਿਟ ਅੰਮ੍ਰਿਤਸਰ ਵਿਖੇ ਸ਼ਿਕਾਇਤਕਰਤਾ ਦਾ ਬਿਆਨ ਦਰਜ ਕੀਤਾ ਗਿਆ। ਇਸ ਉਪਰੰਤ ਮੁਲਜ਼ਮ ਨੂੰ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 20,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਉਕਤ ਮੁਲਜ਼ਮ ਏ.ਐਸ.ਆਈ. ਵਿਰੁੱਧ ਪੀ.ਸੀ. (ਸੋਧ) ਐਕਟ, 2018 ਰਾਹੀਂ ਸੋਧ ਕੀਤੀ ਧਾਰਾ 7 ਪੀ.ਸੀ. ਐਕਟ 1988 ਤਹਿਤ ਥਾਣਾ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿਖੇ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਜਾਰੀ ਹੈ। ਮੁਲਜ਼ਮ ਏ.ਐਸ.ਆਈ. ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।