ਹਰਦੀਪ ਸਿੰਘ ਮੁੰਡੀਆਂ ਨੇ 504 ਪਟਵਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਫ਼-ਸੁਥਰੀਆਂ, ਪਾਰਦਰਸ਼ੀ ਅਤੇ ਜਵਾਬਦੇਹ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਕੇ ਆਮ ਆਦਮੀ ਨੂੰ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚੁੱਕਿਆ ਕਦਮ: ਮੁੰਡੀਆਂ

Hardeep Singh Mundian handed over appointment letters to 504 Patwaris

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਸਾਫ਼-ਸੁਥਰੀਆਂ, ਪਾਰਦਰਸ਼ੀ ਅਤੇ ਜਵਾਬਦੇਹ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਰਤੀ ਕੀਤੇ ਗਏ 504 ਪਟਵਾਰੀਆਂ ਨੂੰ ਅੱਜ ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ।

ਇਥੇ ਮਿਊਂਸੀਪਲ ਭਵਨ ਵਿਖੇ ਨਿਯੁਕਤੀ ਪੱਤਰ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 18 ਮਹੀਨਿਆਂ ਦੀ ਲਾਜ਼ਮੀ ਸਿਖਲਾਈ ਪੂਰੀ ਕਰ ਚੁੱਕੇ ਇਨ੍ਹਾਂ ਪਟਵਾਰੀਆਂ ਨੂੰ ਫੀਲਡ ਵਿੱਚ ਬਤੌਰ ਰੈਗੂਲਰ ਪਟਵਾਰੀ ਤੈਨਾਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਾਲ 2023 ਵਿੱਚ ਮਾਲ ਪਟਵਾਰੀਆਂ ਦੀ ਭਰਤੀ ਉਪਰੰਤ ਯੋਗ ਉਮੀਦਵਾਰਾਂ ਨੂੰ ਮੈਰਿਟ ਅਨੁਸਾਰ ਜ਼ਿਲ੍ਹੇ ਅਲਾਟ ਕੀਤੇ ਸਨ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਉਮੀਦਵਾਰਾਂ ਨੂੰ ਇੱਕ ਸਾਲ ਦੀ ਟ੍ਰੇਨਿੰਗ ਪਟਵਾਰ ਸਕੂਲ ਵਿਖੇ ਅਤੇ 6 ਮਹੀਨੇ ਦੀ ਫੀਲਡ ਟ੍ਰੇਨਿੰਗ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਇੱਕ ਸਾਲ ਦੀ ਟ੍ਰੇਨਿੰਗ ਲਈ ਉਮੀਦਵਾਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ 10 ਆਰਜ਼ੀ ਪਟਵਾਰ ਸਕੂਲ ਖੋਲ੍ਹੇ ਗਏ ਸੀ। ਇਨ੍ਹਾਂ ਸਕੂਲਾਂ ਵਿੱਚ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਕਾਨੂੰਗੋ ਟੀਚਰ ਤਜਰਬੇਕਾਰ ਅਤੇ ਅਨੁਭਵ ਸੇਵਾ-ਮੁਕਤ ਪੀ.ਸੀ.ਐਸ. ਅਫਸਰਾਂ, ਜ਼ਿਲ੍ਹਾ ਮਾਲ ਅਫਸਰਾਂ, ਤਹਿਸੀਲਦਾਰਾਂ ਅਤੇ ਪਟਵਾਰੀ ਅਤੇ ਕਾਨੂੰਨਗੋਆਂ ਵਿੱਚੋਂ ਰੱਖੇ ਗਏ ਸਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਪਟਵਾਰੀਆਂ ਨੂੰ ਟ੍ਰੇਨਿੰਗ ਦੌਰਾਨ ਹਿਸਾਬ ਮੁਸਾਹਤ, ਲੈਂਡ ਰਿਕਾਰਡ, ਪੈਮਾਇਸ਼, ਰਿਕਾਰਡ ਦੀ ਤਿਆਰੀ, ਇਲੈਕਸ਼ਨ, ਮੁਰੱਬਾਬੰਦੀ, ਖੇਤੀਬਾੜੀ ਅਤੇ ਕੰਪਿਊਟਰ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਵਿਸ਼ਿਆਂ ਵਿਚੋਂ ਇਲੈਕਸ਼ਨ ਅਤੇ ਖੇਤੀਬਾੜੀ ਸਬੰਧੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਇਲੈਕਸ਼ਨ ਵਿਸ਼ੇ ਵਿਚ ਮੁੱਖ ਤੌਰ 'ਤੇ ਵੋਟਰ ਸੂਚੀਆਂ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਖੇਤੀਬਾੜੀ ਵਿਸ਼ੇ ਵਿੱਚ ਹਾੜੀ ਅਤੇ ਸਾਉਣੀ ਦੀਆਂ ਫਸਲਾਂ, ਕੀੜੇ ਮਾਰ ਦੀਵਾਈਆਂ, ਖਾਦ ਅਤੇ ਫਸਲਾਂ ਦੇ ਬੀਜ ਸਬੰਧੀ ਪੂਰਨ ਤੌਰ 'ਤੇ ਜਾਣਕਾਰੀ ਦਿੱਤੀ ਗਈ। ਆਈ.ਐਲ.ਐਮ.ਐਸ. (ਇੰਟੈਗ੍ਰੇਟਿਡ ਲੈਂਡ ਮੈਨੇਜਮੈਂਟ ਸਿਸਟਮ) ਸਾਫਟਵੇਅਰ 'ਤੇ ਇਨ੍ਹਾਂ ਉਮੀਦਵਾਰਾਂ ਨੂੰ ਪ੍ਰੈਕਟੀਕਲ ਤੌਰ 'ਤੇ ਜਮਾਂਬੰਦੀ ਦੀ ਡਾਟਾ ਐਂਟਰੀ, ਇੰਤਕਾਲ ਦਰਜ ਕਰਨਾ, ਰੋਜਨਾਮਚਾ, ਫਰਦ ਬਦਰ ਆਦਿ ਦੀ ਸਿਖਲਾਈ ਦਿੱਤੀ ਗਈ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੂਬੇ ਦੇ ਸਮੂਹ ਪਟਵਾਰੀਆਂ ਨੂੰ ਨਿਸ਼ਾਨਦੇਹੀ ਦੀ ਸਿਖਲਾਈ ਦੇਣ ਲਈ ਡੀ.ਜੀ.ਪੀ.ਐਸ. (ਡਿਫਰੈਂਸ਼ੀਅਲ ਗਲੋਬਲ ਪੁਜ਼ੀਸ਼ਨਿੰਗ ਸਿਸਟਮ) ਮਸ਼ੀਨ ਖਰੀਦੀ ਗਈ ਹੈ। ਇਸ ਮਸ਼ੀਨ ਰਾਹੀਂ ਨਿਸ਼ਾਨਦੇਹੀ ਕਰਨ ਦੀ ਵੀ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡਿਜ਼ੀਟਲ ਕਰੋਪ ਸਰਵੇ ਰਾਹੀਂ ਗਿਰਦਾਵਰੀ ਕਰਨ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ।

ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਯੋਗ ਉਮੀਦਵਾਰਾਂ ਦੀ ਵਿਭਾਗੀ ਪ੍ਰੀਖਿਆ 26 ਮਈ, 2025 ਤੋਂ 3 ਜੂਨ, 2025 ਤੱਕ ਲਈ ਗਈ। ਇਸ ਪ੍ਰੀਖਿਆ ਵਿਚੋਂ ਕੁੱਲ 504 ਉਮੀਦਵਾਰਾਂ ਨੇ ਵਿਭਾਗੀ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਦੇਣ ਉਪਰੰਤ ਫੀਲਡ ਵਿੱਚ ਤੈਨਾਤ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੀਆਂ, ਪਾਰਦਰਸ਼ੀ ਅਤੇ ਜਵਾਬਦੇਹ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਨ੍ਹਾਂ ਪਟਵਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਉਮੀਦ ਜਤਾਈ ਕਿ ਨੌਜਵਾਨ ਉਮੀਦਵਾਰਾਂ ਦੀ ਭਰਤੀ ਆਉਣ ਵਾਲੇ ਦਿਨਾਂ ਵਿੱਚ ਭ੍ਰਿਸ਼ਟਾਚਾਰ-ਮੁਕਤ ਸਮਾਜ ਦੀ ਸਿਰਜਣਾ ਲਈ ਅਹਿਮ ਸਾਬਤ ਹੋਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਦੀ ਸੇਵਾ ਦਾ ਮੌਕਾ ਦੇਣ ਲਈ ਪਟਵਾਰੀਆਂ ਦੀਆਂ ਹੋਰ ਆਸਾਮੀਆਂ ਉਤੇ ਵੀ ਛੇਤੀ ਭਰਤੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦੀ ਅਲਾਮਤ ਦਾ ਖ਼ਾਤਮਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਲੋਕਾਂ ਦੀ ਭਲਾਈ ਲਈ ਪਾਰਦਰਸ਼ੀ ਤੇ ਕਾਰਜਕੁਸ਼ਲ ਪ੍ਰਸ਼ਾਸਨਿਕ ਢਾਂਚਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਸੁਚੇਤ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਦੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਮਾਲ ਸ੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਨਵੇਂ ਪਟਵਾਰੀਆਂ ਨੂੰ ਭਰਤੀ ਕਰਨ ਦਾ ਉਦੇਸ਼ ਆਮ ਲੋਕਾਂ ਦੀ ਸਹੂਲਤ ਲਈ ਮਾਲ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਬਣਾਉਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਮਾਂਬੱਧ ਢੰਗ ਨਾਲ ਮੁਸ਼ਕਲ ਰਹਿਤ ਸਹੂਲਤਾਂ ਮਿਲ ਸਕਣ।

ਵਿੱਤ ਕਮਿਸ਼ਨਰ ਮਾਲ ਸ੍ਰੀ ਵਰਮਾ ਨੇ ਨਵ-ਨਿਯੁਕਤ ਪਟਵਾਰੀਆਂ ਦਾ ਵਿਭਾਗ ਵਿੱਚ ਰਸਮੀ ਤੌਰ ਉੱਤੇ ਅੱਜ ਸ਼ਾਮਲ ਹੋਣ ਉੱਤੇ ਸਵਾਗਤ ਕਰਦਿਆਂ ਕਿਹਾ ਕਿ ਉੱਚ ਵਿੱਦਿਅਕ ਯੋਗਤਾ ਪਾਸ ਪਟਵਾਰੀਆਂ ਦੀ ਤਾਇਨਾਤੀ ਨਾਲ ਈਜ਼ੀ ਜਮ੍ਹਾਂਬੰਦੀ, ਈਜ਼ੀ ਰਜਿਸਟਰੀ ਜਿਹੇ ਸੁਧਾਰਾਂ ਨੂੰ ਹੇਠਲੇ ਪੱਧਰ ਉਤੇ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨਗੇ।