Ludhiana ’ਚ ਪੀਐਸਪੀਸੀਐਲ ਦੇ ਕਰਮਚਾਰੀ ਅੱਜ ਤੋਂ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ’ਤੇ
15 ਅਗਸਤ ਨੂੰ ਜ਼ਿਲ੍ਹਾ ਹੈਡਕੁਆਰਟਰ ’ਤੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ
Ludhiana PSPCL employees News : ਲੁਧਿਆਣਾ ’ਚ ਬਿਜਲੀ ਕਰਮਚਾਰੀ 13 ਅਗਸਤ ਤੱਕ ਸਮੂਹਿਕ ਛੁੱਟੀ ’ਤੇ ਰਹਿਣਗੇ ਅਤੇ 15 ਅਗਸਤ ਨੂੰ ਜ਼ਿਲ੍ਹਾ ਹੈੱਡਕੁਆਰਟਰ ’ਤੇ ਰੋਸ ਪ੍ਰਦਰਸ਼ਨ ਵੀ ਕਰਨਗੇ। ਇਸ ਦੌਰਾਨ ਜੇਈ, ਲਾਈਨਮੈਨ, ਕਲਰਕ ਸਮੇਤ ਸਾਰੇ ਕਰਮਚਾਰੀ ਛੁੱਟੀ ’ਤੇ ਰਹਿਣਗੇ, ਜਿਸ ਕਾਰਨ ਬਿਜਲੀ ਗੁੱਲ ਹੋਣ ਦੀ ਸੂਰਤ ਵਿੱਚ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਭਾਗ ਨੇ ਕਰਮਚਾਰੀਆਂ ਦੀਆਂ ਸਮੂਹਿਕ ਛੁੱਟੀਆਂ ਵਿਰੁੱਧ ਅਧਿਕਾਰੀਆਂ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਹੈ ਅਤੇ ਪੰਜਾਬ ਪਾਵਰਕਾਮ ਨੇ ਐਸਮਾ ਐਕਟ 1947 ਲਗਾਇਆ ਹੈ ਅਤ ਹੜਤਾਲ ’ਤੇ ਜਾਣ ਵਾਲੇ ਮੁਲਾਜ਼ਮਾਂ ਦੀ ਛੁੱਟੀ ਕਰਨ ਦੀ ਗੱਲ ਆਖੀ ਹੈ।
ਉਧਰ ਬਿਜਲੀ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਮੂਹਿਕ ਛੁੱਟੀ ’ਤੇ ਗਏ ਕਰਮਚਾਰੀਆਂ ਨੂੰ ਕੰਮ ’ਤੇ ਵਾਪਸ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਇਕੱਠੇ ਬੈਠ ਕੇ ਲੱਭਣਾ ਚਾਹੀਦਾ ਹੈ।
ਬਰਸਾਤ ਦੇ ਮੌਸਮ ’ਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਦੇ ਟੁੱਟਣ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ ਅਤੇ ਤਕਨੀਕੀ ਨੁਕਸ ਕਾਰਨ ਵੀ ਬਿਜਲੀ ਬੰਦ ਹੋ ਜਾਂਦੀ ਹੈ। ਬਿਜਲੀ ਕਰਮਚਾਰੀਆਂ ਦੀ ਸਮੂਹਿਕ ਛੁੱਟੀ ਕਾਰਨ ਲਗਭਗ 40 ਲੱਖ ਆਬਾਦੀ ਅਤੇ 60 ਹਜ਼ਾਰ ਤੋਂ ਵੱਧ ਉਦਯੋਗ ਅਤੇ ਵਪਾਰਕ ਕੇਂਦਰ ਪ੍ਰਭਾਵਿਤ ਹੋਣਗੇ। ਇਸ ਸਥਿਤੀ ਨੂੰ ਦੇਖਦੇ ਹੋਏ, ਪਾਵਰਕਾਮ ਦੇ ਮੁੱਖ ਇੰਜੀਨੀਅਰ ਨੇ ਹੋਰ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਤਾਂ ਜੋ ਲੋੜ ਪੈਣ ’ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ ਅਤੇ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਬਿਜਲੀ ਕਾਮਿਆਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਸਮੂਹਿਕ ਛੁੱਟੀ ਲਈ। ਪਾਵਰਕਾਮ ਦੇ ਕਰਮਚਾਰੀ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ 13% ਮਹਿੰਗਾਈ ਭੱਤਾ ਜਾਰੀ ਕੀਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਤਨਖਾਹ/ਪੈਨਸ਼ਨ ਸੋਧ ਵਿੱਚ ਗਲਤੀਆਂ ਦੂਰ ਕਰਨ ਅਤੇ ਨਿੱਜੀਕਰਨ ਨੀਤੀ ਲਾਗੂ ਨਾ ਕਰਨ ਦੀ ਮੰਗ ਪੂਰੀ ਕੀਤੀ ਜਾਵੇ। 50 ਹਜ਼ਾਰ ਅਸਾਮੀਆਂ ਲਈ ਨਿਯਮਤ ਭਰਤੀ ਕੀਤੀ ਜਾਵੇ ਅਤੇ ਪਿਛਲੇ ਝੋਨੇ ਦੇ ਸੀਜ਼ਨ ’ਚ ਹਾਦਸਿਆਂ ਦਾ ਸ਼ਿਕਾਰ ਹੋਏ ਬਿਜਲੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।