'ਆਪ' ਵਲੋਂ ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੁਰਤ ਰੱਦ ਕਰਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੀ ਰਾਤ ਜ਼ਿਲ੍ਹੇ 'ਚ ਆਮ ਆਦਮੀ ਪਾਰਟੀ ਵਲੋਂ ਗਿੱਲ ਕਲਾਂ ਹਲਕੇ ਤੋਂ ਜ਼ਿਲ੍ਹਾ ਪ੍ਰੀਸਦ ਦੇ ਉਮੀਦਵਾਰ ਹਰਵਿੰਦਰ ਸਿੰਘ ਨਿੱਕਾ ਦੇ ਕਤਲ ਦਾ ਮਾਮਲਾ ਗਰਮਾ ਗਿਆ ਹੈ

Harpal singh cheema

ਬਠਿੰਡਾ (ਸੁਖਜਿੰਦਰ ਮਾਨ) : ਬੀਤੀ ਰਾਤ ਜ਼ਿਲ੍ਹੇ 'ਚ ਆਮ ਆਦਮੀ ਪਾਰਟੀ ਵਲੋਂ ਗਿੱਲ ਕਲਾਂ ਹਲਕੇ ਤੋਂ ਜ਼ਿਲ੍ਹਾ ਪ੍ਰੀਸਦ ਦੇ ਉਮੀਦਵਾਰ ਹਰਵਿੰਦਰ ਸਿੰਘ ਨਿੱਕਾ ਦੇ ਕਤਲ ਦਾ ਮਾਮਲਾ ਗਰਮਾ ਗਿਆ ਹੈ। ਕਤਲ ਦੇ ਮਾਮਲੇ 'ਚ ਅੱਜ ਬਠਿੰਡਾ ਪੁੱਜੇ ਪਾਰਟੀ ਦੇ ਸਹਿ ਪ੍ਰਧਾਨ ਡਾ. ਬਲਵੀਰ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਾਰਟੀ ਉਮੀਦਵਾਰ ਦੇ ਕਤਲ ਨੂੰ ਸਿਆਸੀ ਕਤਲ ਕਰਾਰ ਦਿੰਦਿਆਂ ਚੋਣ ਕਮਿਸ਼ਨ ਨੂੰ ਤੁਰਤ ਪੰਜਾਬ 'ਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤਾਂ ਸੰਮਤੀ ਦੀਆਂ ਚੋਣਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ।


ਸਥਾਨਕ ਸਰਕਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਵੀਰ ਸਿੰਘ ਤੇ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਦੀਆਂ ਚੋਣਾਂ ਦਾ ਕੰਮ ਪੰਜਾਬ ਪੁਲਿਸ ਦੀ ਅਗਵਾਈ ਹੇਠ ਨਹੀਂ ਬਲਕਿ ਕੇਂਦਰੀ ਫ਼ੋਰਸਾਂ ਦੇ ਅਧੀਨ ਹੋਣਾ ਚਾਹੀਦਾ ਹੈ।  ਡਾ. ਬਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਗਿੱਲ ਕਲਾਂ ਤੋਂ ਉਮੀਦਵਾਰ ਹਰਿੰਦਰ ਸਿੰਘ ਹਿੰਦਾ ਜੇਤੂ ਉਮੀਦਵਾਰ ਸੀ ਤੇ ਜਿਸ ਦੇ ਚਲਦੇ ਉਸ ਦਾ ਇਹ ਕਤਲ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਤ ਹੈ।


ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਇਸ ਕਤਲ ਪਿਛੇ ਵੱਡੀ ਸਿਆਸੀ ਸਾਜਸ਼ ਹੈ, ਜਿਸ ਦਾ ਪੁਲਿਸ ਨੂੰ ਤੁਰਤ ਪਰਦਾਫ਼ਾਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ 1991 ਵਿਚ ਵੀ ਇਸੇ ਤਰ੍ਹਾਂ ਉਮੀਦਵਾਰਾਂ ਦੇ ਕਤਲ ਕੀਤੇ ਗਏ ਸਨ, ਜਿਸ ਕਾਰਨ ਵਿਧਾਨ ਸਭਾ ਚੋਣਾਂ ਰੱਦ ਕਰਨੀਆਂ ਪਈਆਂ ਸਨ। ਡਾ. ਬਲਵੀਰ ਸਿੰਘ ਨੇ ਕੈਪਟਨ ਸਰਕਾਰ 'ਤੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਚੋਣਾਂ ਵਿਚ ਖੜੇ ਉਮੀਦਵਾਰ ਦੀ ਰੱਖਿਆ ਨਹੀਂ ਕਰ ਸਕਦੀ ਤਾਂ ਆਮ ਆਦਮੀ ਦਾ ਕੀ ਹਾਲ ਹੋਵੇਗਾ, ਇਸ ਤੋਂ ਸਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। 


ਉਨ੍ਹਾਂ ਦੋਸ਼ ਲਗਾਇਆ ਕਿ ਇਹ ਕਤਲ ਸੋਚੀ ਸਮਝੀ ਸ਼ਾਜਸ ਤਹਿਤ ਕੀਤਾ ਗਿਆ ਹੈ, ਕਿਉਂਕਿ ਜਿਸ ਢਾਬੇ ਉਪਰੋਂ ਕਾਤਲਾਂ ਨੇ ਆਪ ਆਗੂ  ਨਾਲ ਮਿਲ ਕੇ ਰੋਟੀ ਖਾਧੀ, ਉਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪ੍ਰੰਤੂ ਡੀਵੀਆਰ ਗਾਇਬ ਹੈ। ਉਨ੍ਹਾਂ ਐਲਾਨ ਕੀਤਾ ਕਿ ਆਪ ਆਗੂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਤਕ ਪਾਰਟੀ ਚੁੱਪ ਕਰ ਕੇ ਨਹੀਂ ਬੈਠੇਗੀ।