ਫ਼ੂਡ ਸੇਫ਼ਟੀ ਕਮਿਸ਼ਨਰ ਵਲੋਂ ਸਰ੍ਹੋਂ ਦੇ ਤੇਲ ਦੀ ਮਿਲਾਵਟ ਕਰਨ ਵਾਲਿਆਂ ਨੂੰ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਮਿਲਾਵਟੀ ਸਰ੍ਹੋਂ ਦੇ ਤੇਲ ਦੀ ਵਿਕਰੀ ਦਾ ਸਖ਼ਤੀ ਨਾਲ ਜਾਇਜ਼ਾ ਲੈਂਦਿਆਂ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਸ੍ਰੀ ਕੇ.ਐਸ. ਪੰਨੂੰ ਨੇ ਮਿਲਾਵਟਖੋਰੀ ਦੇ

Kahn singh pannu

ਚੰਡੀਗੜ੍ਹ, 10 ਸਤੰਬਰ (ਸ.ਸ.ਸ.): ਪੰਜਾਬ ਵਿਚ ਮਿਲਾਵਟੀ ਸਰ੍ਹੋਂ ਦੇ ਤੇਲ ਦੀ ਵਿਕਰੀ ਦਾ ਸਖ਼ਤੀ ਨਾਲ ਜਾਇਜ਼ਾ ਲੈਂਦਿਆਂ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਸ੍ਰੀ ਕੇ.ਐਸ. ਪੰਨੂੰ ਨੇ ਮਿਲਾਵਟਖੋਰੀ ਦੇ ਧੰਦੇ ਵਿੱਚ ਲਿਪਤ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੇਈਮਾਨ ਡੀਲਰਾਂ, ਉਤਪਾਦਕਾਂ ਵੱਲੋਂ ਘਟੀਆ ਕੁਆਲਿਟੀ ਦੇ ਤਾੜ ਦੇ ਤੇਲ, ਕੱਚਾ ਰਾਈਸ ਬਰਾਨ ਆਇਲ ਅਤੇ ਕੱਚੇ ਸੋਇਆਬੀਨ ਦੇ ਤੇਲ ਨੂੰ ਸਰ੍ਹੋ ਦੇ ਤੇਲ ਵਿੱਚ ਮਿਲਾ ਕੇ ਵੇਚਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਸਰ੍ਹੋਂ ਦੇ ਤੇਲ ਦੀ ਅਮਲਤਾ ਅਤੇ ਰੰਗ ਨਾਲ ਮੇਲ ਲਈ ਰੰਗ ਅਤੇ ਰਸਾਇਣ ਵੀ ਮਿਲਾਏ ਜਾ ਰਹੇ ਹਨ।


ਸ੍ਰੀ ਪੰਨੂੰ ਨੇ ਕਿਹਾ ਕਿ ਮਿਲਾਵਟਖੋਰਾਂ ਵਿਰੁੱਧ ਹਰੇਕ ਮੰਚ 'ਤੇ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਗਈਆਂ ਹਨ ਅਤੇ ਸਾਵਧਾਨੀ ਵਰਤਣ ਦੇ ਨਾਲ ਨਾਲ ਚੇਤਾਵਨੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ''ਅਸੀਂ ਅਜਿਹੇ ਲੋਕਾਂ ਨੂੰ ਆਪਣਾ ਰਸਤਾ ਬਦਲਣ ਦਾ ਮੌਕਾ ਦਿੱਤਾ ਹੈ। ਹੁਣ ਅੱਗੇ ਅਜਿਹੀਆਂ ਘਟੀਆਂ ਕਾਰਵਾਈਆਂ ਤੋਂ ਪਰਹੇਜ਼ ਕਰਨਾ ਜਾਂ ਕਾਨੂੰਨ ਅਨੁਸਾਰ ਨਤੀਜੇ ਭੁਗਤਾਣਾ, ਉਨ੍ਹਾਂ ਦੀ ਮਰਜ਼ੀ ਹੈ। 


ਉਨ੍ਹਾਂ ਕਿਹਾ ਕਿ ਘਟੀਆਂ ਦਰਜੇ ਦਾ ਮਿਲਾਵਟੀ ਸਰ੍ਹੋਂ ਦਾ ਤੇਲ ਨਾ ਸਿਰਫ਼ ਸਿਹਤ ਲਈ ਹਾਨੀਕਾਰਕ ਹੈ ਬਲਕਿ ਅਸਲ ਸਰ੍ਹੋ ਦੇ ਤੇਲ ਦੀ ਵਿਕਰੀ 'ਤੇ ਵੀ ਮਾੜਾ ਪ੍ਰਭਾਵ ਪਾ ਰਿਹਾ ਹੈ। ਸੂਬੇ ਵਿੱਚ ਸਰਦੀਆਂ ਦੌਰਾਨ ਤਕਰੀਬਨ 1 ਲੱਖ ਏਕੜ ਜ਼ਮੀਨ 'ਤੇ ਰਾਈ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਲਗਭਗ 4.8 ਲੱਖ ਕੁਇੰਟਲ ਦਾ ਉਤਪਾਦਨ ਕੀਤਾ ਜਾਂਦਾ ਹੈ। ਮਾਰਕੀਟ ਵਿੱਚ ਮਿਲਾਵਟੀ ਸਰ੍ਹੋ ਦੇ ਤੇਲ ਦੀ ਵਿਕਰੀ ਕਰਨ ਵਾਲਿਆਂ ਦੀ ਭਰਮਾਰ ਹੋਣ ਕਾਰਨ ਰਾਈ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਸਮੂਹ ਭਾਈਚਾਰੇ ਦੇ ਮੁਨਾਫ਼ਿਆਂ ਲੁੱਟ ਕੀਤੀ ਜਾ ਰਹੀ ਹੈ ਅਤੇ ਇਹ ਇੱਕ ਜ਼ੁਰਮ ਤੋਂ ਕਿਤੇ ਵਧਕੇ ਹੈ।

ਅਸਲ ਵਿੱਚ ਜਦੋਂ ਖੇਤੀ ਕਿਸਾਨਾਂ ਲਈ ਇੱਕ ਲਾਹੇਵੰਦ ਕਿੱਤਾ ਨਾ ਰਹੀ ਹੋਵੇ ਉਸ ਸਮੇਂ ਅਜਿਹਾ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਮੁਨਾਫ਼ਿਆਂ ਤੋਂ ਵਾਂਝਾ ਰੱਖਣਾ ਇੱਕ ਪਾਪ ਹੈ। ਮਿਲਾਵਟਖੋਰਾਂ ਨੂੰ ਚਿਤਾਵਨੀ ਦਿੰਦਿਆਂ ਪੰਨੂੰ ਨੇ ਕਿਹਾ ਕਿ ਵੱਖ ਵੱਖ ਮਿਲਾਵਟੀ ਯੂਨਿਟਾਂ 'ਤੇ ਛਾਪੇਮਾਰੀ ਅਤੇ ਘਟੀਆ ਕੁਆਲਟੀ ਦੇ ਮਿਲਾਵਟੀ ਸਰ੍ਹੋ ਦੇ ਤੇਲ ਨੂੰ ਜ਼ਬਤ ਕਰਨ ਲਈ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ।

ਉਤਪਾਦ ਦੇ ਨਿਰਮਾਣ ਲਈ ਦਿੱਤੇ ਗਏ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਵਧਾਨ ਕਰਦਿਆਂ ਸ੍ਰੀ ਪੰਨੂੰ ਨੇ ਕਿਹਾ ਕਿ ਲੈਬ ਟੈਸਟਿੰਗ ਤੋਂ ਬਾਅਦ ਇਸ ਗੈਰ ਕਾਨੂੰਨੀ ਕਾਰੋਬਾਰ ਵਿੱਚ ਲਿਪਤ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।  ਕਮਿਸ਼ਨਰ ਨੇ ਕਿਹਾ ਕਿ ਫੂਡ ਸੇਫਟੀ ਟੀਮਾਂ ਵੱਲੋਂ ਹਰ ਕਿਸਮ ਦੇ ਮਿਲਾਵਟੀ ਖਾਣੇ ਅਤੇ ਦਵਾਈਆਂ ਤੋਂ ਸੂਬੇ ਨੂੰ ਸੁਰੱਖਿਅਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਦੇ ਨਾਲ ਨਾਲ ਲੋਕਾਂ ਨੂੰ ਮੁਹੱÎਇਆ ਕਰਵਾਏ ਜਾਣ ਵਾਲੇ ਭੋਜਨ ਪਦਾਰਥਾਂ ਦੀ ਅਸਲ ਉਤਪਾਦਕਾਂ ਪਾਸੋਂ ਡਲਿਵਰੀ ਨੂੰ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ, '' ਮਿਲਾਵਟਖੋਰਾਂ ਵਿਰੁੱਧ ਕੋਈ ਢਿੱਲ ਨਹੀਂ ਵਰਤੀ ਜਾਵੇਗੀ'' ਅਤੇ ਨਾਲ ਹੀ ਕਿਹਾ '' ਇਹ ਕਾਰਵਾਈਆਂ ਕੋਈ ਅਗਿਆਨਤਾ ਨਾਲ ਨਹੀਂ ਸਗੋਂ ਯੋਜਨਾ ਅਤੇ ਅਪਰਾਧਿਕ ਕਾਰਵਾਈ ਦੇ ਮੰਤਵ ਨਾਲ ਕੀਤੀਆਂ ਜਾ ਰਹੀਆਂ ਹਨ।''