'ਜਥੇਦਾਰ' ਦਾ ਗੁਨਾਹ ਪਵੇਗਾ ਬਡੂੰਗਰ ਜਾਂ ਉਮੈਦਪੁਰੀ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੇ ਰੋਹ ਅੱਗੇ ਧੁਰ ਅੰਦਰੋਂ ਹਿਲਿਆ ਪਿਆ ਹੈ। ਅਕਾਲੀ ਦਲ ਲੰਮੇ ਵਿਚਾਰ ਮੰਥਨ ਤੋਂ ਬਾਅਦ ਇਸ ਸਿੱਟੇ 'ਤੇ ਪੁੱਜਿਆ ਹੈ

Balwinder singh bhunder

ਚੰਡੀਗੜ੍ਹ, 10 ਸਤੰਬਰ (ਕਮਲਜੀਤ ਸਿੰਘ ਬਨਵੈਤ): ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੇ ਰੋਹ ਅੱਗੇ ਧੁਰ ਅੰਦਰੋਂ ਹਿਲਿਆ ਪਿਆ ਹੈ। ਅਕਾਲੀ ਦਲ ਲੰਮੇ ਵਿਚਾਰ ਮੰਥਨ ਤੋਂ ਬਾਅਦ ਇਸ ਸਿੱਟੇ 'ਤੇ ਪੁੱਜਿਆ ਹੈ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਿਚ ਉਠ ਖੜੇ ਹੋਏ ਲੋਕਾਂ ਨੂੰ ਸ਼ਾਂਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ 'ਜਥੇਦਾਰ' ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਚਿਹਰਾ ਕੁੱਝ ਚਿਰ ਲਈ 'ਲੁਕੋਣਾ' ਜ਼ਰੂਰੀ ਹੋ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਅਤੇ ਜਥੇਦਾਰ ਨੂੰ ਬਦਲਣ ਦਾ ਮਨ ਬਣਾ ਲਿਆ ਗਿਆ ਹੈ।

ਅਕਾਲੀ ਦਲ ਦੇ ਕੰਮ ਚਲਾਉ ਪ੍ਰਧਾਨ ਦੀ ਜ਼ਿੰਮੇਵਾਰੀ ਬਾਦਲਾਂ ਦੇ ਖ਼ਾਸਮਖ਼ਾਸ ਬਲਵਿੰਦਰ ਸਿੰਘ ਭੂੰਦੜ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਜਾਂ ਸੰਤ ਸਿੰਘ ਉਮੈਦਪੁਰੀ ਵਿਚੋਂ ਇਕ ਨੂੰ ਲਾਉਣ 'ਤੇ ਵੀ ਸਹਿਮਤੀ ਬਣ ਚੁਕੀ ਹੈ। ਸੰਤ ਸਿੰਘ ਉਮੈਦਪੁਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾਉਣ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ 'ਬਖ਼ਸ਼ਣ' ਦੀ ਪਹਿਲਾਂ ਵੀ ਦੋ ਵਾਰ ਗੱਲ ਚਲ ਚੁਕੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਥੇਦਾਰ ਦੀ ਸੇਵਾ ਨਿਭਾਉਣੀ ਬੜੀ ਮੁਸ਼ਕਲ ਹੈ ਅਤੇ ਤਾਜ਼ਾ ਹਾਲਾਤ ਵਿਚ ਤਾਂ ਇਹ ਹੋਰ ਵੀ ਬਿਖੜਾ ਪੈਂਡਾ ਬਣ ਚੁਕਾ ਹੈ।

ਇਸ ਕਰ ਕੇ ਉਹ ਹੁੰਗਾਰਾ ਭਰਦੇ ਨਹੀਂ ਲੱਗ ਰਹੇ। ਉਹ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰ ਹਨ। ਡਬਲ ਐਮ.ਏ. ਪਾਸ ਉਮੈਦਪੁਰੀ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਸਮਰਾਲਾ ਤੋਂ ਚੋਣ ਹਾਰ ਗਏ ਸਨ। ਉਹ ਐਸ.ਐਸ. ਬੋਰਡ ਦੇ ਚੇਅਰਮੈਨ ਵੀ ਰਹਿ ਚੁਕੇ ਹਨ।ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਤਿੰਨ ਵਾਰ ਪ੍ਰਧਾਨ ਰਹਿ ਚੁਕੇ ਹਨ। ਉਨ੍ਹਾਂ ਨੂੰ ਪੰਜਾਬ ਰਾਜ ਪਛੜੀਆਂ ਜਾਤੀਆਂ ਕਾਰਪੋਰੇਸ਼ਨ ਦੀ ਚੇਅਰਮੈਨੀ ਵੀ ਮਿਲ ਚੁਕੀ ਹੈ। ਇਸ ਵਾਰ ਅਕਾਲੀ ਦਲ ਵਲੋਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਦੇ 'ਜਥੇਦਾਰ' ਦੀ ਮਿਲਣ ਵਾਲੀ ਸੰਭਾਵਤ ਪੇਸ਼ਕਸ਼ ਬਾਰੇ ਉਹ ਅਣਜਾਣਤਾ ਪ੍ਰਗਟ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਉਹ ਇਸ ਵੇਲੇ ਅਪਣੇ ਜੀਵਨ ਦੀ ਮੰਜ਼ਲ ਬਦਲ ਚੁਕੇ ਹਨ ਅਤੇ ਉਹ ਜਥੇਦਾਰੀ ਨਾਲੋਂ ਕਿਤਾਬ ਲਿਖਣ ਨੂੰ ਪਹਿਲ ਦੇ ਰਹੇ ਹਨ। ਬਲਵਿੰਦਰ ਸਿੰਘ ਭੂੰਦੜ ਨੂੰ ਕੰਮ ਚਲਾਊ ਪ੍ਰਧਾਨਗੀ ਦੇਣੀ ਅਕਾਲੀ ਦਲ ਦੇ ਸਰਪ੍ਰਸਤ ਨੂੰ ਵਾਰਾ ਖਾ ਰਹੀ ਹੈ। ਉਹ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਮੁੱਢ ਤੋਂ ਹੀ ਵਿਸ਼ਵਾਸਪਾਤਰ ਹਨ ਅਤੇ ਉਹ ਬਾਦਲ ਪਰਵਾਰ ਮੂਹਰੇ ਅੱਖ ਚੁਕ ਕੇ ਦੇਖਣ ਦਾ ਹੀਆ ਵੀ ਨਹੀਂ ਰਖਦੇ ਪਰ ਦਲ ਦੇ ਮੂਹਰਲੀ ਕਤਾਰ ਦੇ ਕਈ ਨੇਤਾ ਭੂੰਦੜ ਦੀ ਥਾਂ ਸੁਖਦੇਵ ਸਿੰਘ ਢੀਂਡਸਾ ਨੂੰ ਬਿਹਤਰ ਉਮੀਦਵਾਰ ਮੰਨਦੇ ਹਨ ਜਿਨ੍ਹਾਂ ਲਈ ਬਾਦਲਾਂ ਨੂੰ ਹਾਮੀ ਭਰਨੀ ਔਖੀ ਹੋਈ ਪਈ ਹੈ।

ਸ. ਭੂੰਦੜ ਪੰਜਾਬ ਵਿਧਾਨ ਸਭਾ ਵਿਚ ਦੋ ਵਾਰ ਕੈਬਨਿਟ ਮੰਤਰੀ ਰਹਿ ਚੁਕੇ ਹਨ। ਪੰਜਾਬ ਰਾਜ ਮੰਡੀ ਬੋਰਡ ਦੀ ਚੇਅਰਮੈਨੀ ਦਾ ਵੀ ਉਨ੍ਹਾਂ ਨੇ 'ਸੁਆਦ' ਲਿਆ ਹੋਇਆ ਹੈ। ਇਸ ਵੇਲੇ ਉਹ ਰਾਜ ਸਭਾ ਦੇ ਮੈਂਬਰ ਹਨ। ਅਕਾਲੀ ਦਲ ਦੀ ਕਲ ਦੀ ਅਬੋਹਰ ਪੋਲ ਖੋਲ੍ਹ ਰੈਲੀ ਵਿਚ ਭੂੰਦੜ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 'ਬਾਦਸ਼ਾਹ ਦਰਵੇਸ਼' ਕਹਿ ਕੇ ਅਹੁਦੇ ਦੇ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਵਿਵਾਦ ਛੇੜ ਲਿਆ ਸੀ ਪਰ ਜ਼ੁਬਾਨ ਤਿਲਕਣ ਦੇ ਬਹਾਨੇ ਮਾਫ਼ੀ ਮੰਗ ਕੇ ਖਹਿੜਾ ਛੁਡਾ ਲਿਆ ਹੈ।

ਦਲ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਭੂੰਦੜ ਲਈ ਚਾਹੇ ਪੂਰੀ ਤਰ੍ਹਾਂ ਸਹਿਮਤੀ ਨਹੀਂ ਬਣ ਰਹੀ ਪਰ ਸੁਖਬੀਰ ਸਿੰਘ ਬਾਦਲ ਉਸ ਦਾ ਚੇਹਰਾ ਮੂਹਰੇ ਅੱਗੇ ਕਰ ਕੇ ਪਿੱਛੇ ਆਪ ਕੰਮ ਕਰਦੇ ਰਹਿਣਗੇ। ਸੀਨੀਅਰ ਨੇਤਾ ਨੇ ਇਹ ਵੀ ਕਿਹਾ ਹੈ ਕਿ ਉਮੈਦਪੁਰੀ ਨੂੰ ਬਡੂੰਗਰ ਨਾਲੋਂ ਜ਼ਿਆਦਾ ਧਾਰਮਕ ਬਿਰਤੀ ਵਾਲਾ ਸ਼ਖ਼ਸ ਮੰਨਿਆ ਜਾ ਰਿਹਾ ਹੈ।