ਸੁਲਤਾਨਪੁਰ ਲੋਧੀ ਵਿਖੇ ਆਧੁਨਿਕ ਬੱਸ ਸਟੈਂਡ 30 ਸਤੰਬਰ ਤੱਕ ਮੁਕੰਮਲ ਹੋਵੇਗਾ : ਰਜ਼ੀਆ ਸੁਲਤਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

5.73 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਤਿਆਰ ਰਿਹੈ ਬੱਸ ਸਟੈਂਡ

Bus Stand at Sultanpur Lodhi will be completed by September : Razia Sultana

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਇੱਕ ਨਵਾਂ ਤੇ ਆਧੁਨਿਕ ਬੱਸ ਸਟੈਂਡ 30 ਸਬੰਤਰ, 2019 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਹ ਬੱਸ ਸਟੈਂਡ ਵਿਖੇ ਵਿਸ਼ਵ ਪਧਰੀ ਸਹੂਲਤਾਂ ਮੁਹੱਈਆ ਹੋਣਗੀਆਂ। ਪੰਜਾਬ ਦੀ ਆਵਾਜਾਈ ਮੰਤਰੀ ਰਜ਼ੀਆ ਸੁਲਤਾਨਾ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਬਣਾਏ ਜਾ ਰਹੇ ਆਧੁਨਿਕ ਬੱਸ ਸਟੈਂਡ ’ਤੇ ਅਨੁਮਾਨਿਤ 5 ਕਰੋੜ 73 ਲੱਖ ਰੁਪਏ ਦੀ ਲਾਗਤ ਆਵੇਗੀ।

ਉਨ੍ਹਾਂ ਕਿਹਾ ਸੁਲਤਾਨਪੁਰ ਲੋਧੀ ਬੱਸ ਸਟੈਂਡ ਦੀ ਉਸਾਰੀ ਦੇ ਕੰਮ ਜਾਇਜ਼ਾ ਵੀ ਲਿਆ। ਇਸ ਮੌਕੇ ਗੁਰਲਵਲੀਨ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ., ਜਤਿੰਦਰਪਾਲ ਸਿੰਘ ਗਰੇਵਾਲ ਕਾਰਜਕਾਰੀ ਇੰਜੀਨੀਅਰ ਪੀ.ਆਰ.ਟੀ.ਸੀ., ਪ੍ਰਵੀਨ ਸ਼ਰਮਾ ਜਨਰਲ ਮੈਨੇਜਰ ਪੀ.ਆਰ.ਟੀ.ਸੀ. ਕਪੂਰਥਲਾ, ਐਸ.ਡੀ.ਓ. ਪੀ.ਆਰ.ਟੀ.ਸੀ. ਆਦਿ ਤੋਂ ਇਲਾਵਾ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਰਜ਼ੀਆ ਸੁਲਤਾਨਾ ਨੇ ਦਸਿਆ ਕਿ ਇਸ ਬੱਸ ਸਟੈਂਡ ਵਿਖੇ ਮੁੱਖ ਤੌਰ ਤੇ ਬੱਸਾਂ ਦੇ ਚੱਲਣ ਲਈ 8 ਵੱਖ-ਵੱਖ ਕਾਊਂਟਰ, ਜਨਾਨਾ-ਮਰਦਾਨਾ ਅਤੇ ਅੰਗਹੀਣਾਂ ਲਈ ਟਾਇਲਟ, ਸਵਾਰੀਆਂ ਲਈ ਏ.ਸੀ. ਵੇਟਿੰਗ ਹਾਲ, ਵਪਾਰਕ ਮੰਤਵ ਲਈ ਚਾਰ ਦੁਕਾਨਾਂ, ਇਕ ਰੈਸਟੋਰੈਂਟ, ਕਾਰ ਪਾਰਕਿੰਗ, ਰਿਕਸ਼ਾ ਪਾਰਕਿੰਗ, ਪੀਣ ਵਾਲੇ ਸ਼ੁੱਧ ਪਾਣੀ ਲਈ ਆਰ.ਓ. ਸਿਸਟਮ, ਵਾਟਰ ਕੂਲਰ, ਪੱਖੇ, ਸਵਾਰੀਆਂ ਦੇ ਬੈਠਣ ਲਈ ਗੋਦਰੇਜ਼ ਦੇ ਸਟੀਲ ਬੈਂਚ, ਅਨਲੋਡਿੰਗ ਪਲੇਟਫਾਰਮ ਆਦਿ ਮੁਹੱਈਆ ਕਰਵਾਏ ਗਏ ਹਨ।

ਆਵਾਜਾਈ ਮੰਤਰੀ ਨੇ ਦਸਿਆ ਕਿ ਬੱਸ ਸਟੈਂਡ ਦੀ ਇਤਿਹਾਸਕ ਦਿੱਖ ਬਣਾਉਣ ਲਈ ਮੁੱਖ ਪ੍ਰਵੇਸ਼ ਦੁਆਰ ਨੂੰ ਸ਼ਹਿਰ ਦੀ ਵਿਰਾਸਤੀ ਦਿੱਖ ਅਨੁਸਾਰ ਤਿਆਰ ਕੀਤਾ ਗਿਆ ਹੈ ਅਤੇ ਗੁੰਬਜਾਂ-ਗਮਟਿਆਂ ਆਦਿ ਦੀ ਉਸਾਰੀ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੀ ਉਸਾਰੀ ਦਾ ਕੰਮ 80 ਫੀਸਦੀ ਮੁਕੰਮਲ ਹੋ ਚੁੱਕਾ ਹੈ ਅਤੇ ਇਹ ਕੰਮ 30 ਸਤੰਬਰ 2019 ਦੇ ਅੰਤ ਤੱਕ ਮੁਕੰਮਲ ਕਰਕੇ ਬੱਸ ਸਟੈਂਡ ਨੂੰ ਜਨਤਕ ਵਰਤੋਂ ਲਈ ਸਮਰਪਤ ਕਰ ਦਿੱਤਾ ਜਾਵੇਗਾ।