ਮਾਮਲਾ ਦਰਜ ਹੋਣ ਤੋਂ ਬਾਅਦ ਸਾਰੇ ਬੈਂਕ ਖਾਤੇ ਸੀਲ

ਏਜੰਸੀ

ਖ਼ਬਰਾਂ, ਪੰਜਾਬ

ਮਾਮਲਾ ਦਰਜ ਹੋਣ ਤੋਂ ਬਾਅਦ ਸਾਰੇ ਬੈਂਕ ਖਾਤੇ ਸੀਲ

image

ਅਯੋਧਿਆ, 11 ਸਤੰਬਰ : ਕਲੋਨ ਚੈੱਕ ਦੇ ਜ਼ਰੀਏ ਅਯੋਧਿਆ ਦੇ ਸ਼੍ਰੀਰਾਮ ਜਨਮ ਸਥਾਨ ਤੀਰਥ ਖੇਤਰ ਟਰੱਸਟ ਦੇ ਖਾਤੇ ਤੋਂ ਲੱਖਾਂ ਰੁਪਏ ਕੱਢ ਲਏ ਗਏ ਹਨ। ਟਰੱਸਟ ਦੇ ਜਨਰਲ ਸਕੱਤਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਤੁਰਤ ਐਫ਼.ਆਈ.ਆਰ. ਦਰਜ ਕੀਤੀ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਸੁਰੱਖਿਆ ਦੇ ਮੱਦੇਨਜ਼ਰ ਰਾਮ ਮੰਦਰ ਟਰੱਸਟ ਦੇ ਬੈਂਕ ਖਾਤਿਆਂ ਨੂੰ ਸੀਲ ਕਰਵਾ ਦਿਤਾ ਗਿਆ ਹੈ।
    ਇਸ ਬਾਰੇ ਅਯੋਧਿਆ ਦੇ ਸੀ.ਓ. ਰਾਜੇਸ਼ ਕੁਮਾਰ ਰਾਏ ਨੇ ਨਿਊਜ਼ ਏਜੰਸੀ ਏ.ਐਨ.ਆਈ. ਨੂੰ ਦਸਿਆ, ਕਲ ਜਨਰਲ ਸਕੱਤਰ ਨੇ ਸ਼ਿਕਾਇਤ ਦਿਤੀ ਕਿ ਟਰੱਸਟ ਦੇ ਅਕਾਊਂਟ ਤੋਂ ਫ਼ਰਜ਼ੀ ਚੈੱਕ ਦੇ ਜ਼ਰੀਏ 6 ਲੱਖ ਰੁਪਏ ਦੀ ਰਾਸ਼ੀ ਕੱਢ ਲਈ ਗਈ ਹੈ। ਐਫ਼.ਆਈ.ਆਰ. ਰਜਿਸਟਰ ਕਰ ਟਰੱਸਟ ਦੇ ਸਾਰੇ ਅਕਾਊਂਟ ਲਾਕ ਕਰ ਦਿੱਤੇ ਗਏ ਹਨ। 6 ਲੱਖ ਰੁਪਏ ਪੀ.ਐਨ.ਬੀ. ਲਖ਼ਨਊ ਦੀ ਕਿਸੇ ਬਰਾਂਚ ਤੋਂ ਕਢਿਆ ਗਿਆ ਹੈ।
   ਇਸ ਹੇਰਾਫੇਰੀ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਜਾਅਲਸਾਜ਼ ਨੇ 9 ਲੱਖ 86 ਹਜ਼ਾਰ ਰੁਪਏ ਦਾ ਤੀਜਾ ਕਲੋਨ ਚੈੱਕ ਲਖਨਊ ਦੇ ਬੈਂਕ ਆਫ਼ ਬੜੌਦਾ 'ਚ ਭੁਗਤਾਨ ਲਈ ਲਗਾਇਆ। ਵੱਡੀ ਰਕਮ ਹੋਣ ਕਾਰਨ ਬੈਂਕ ਨੇ ਇਸ ਵਾਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਤੋਂ ਕਨਫ਼ਰਮ ਕੀਤਾ ਤਾਂ ਉਨ੍ਹਾਂ ਨੇ ਅਜਿਹਾ ਕੋਈ ਚੈੱਕ ਜਾਰੀ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਬੈਂਕ ਨੇ ਪੇਮੈਂਟ ਦੀ ਅਦਾਇਗੀ ਰੋਕ ਦਿਤੀ।
   ਉਥੇ ਹੀ, ਚੰਪਤ ਰਾਏ ਨੇ ਅਯੋਧਿਆ ਪੁਲਸ ਨੂੰ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਬੁੱਧਵਾਰ ਦੇਰ ਸ਼ਾਮ ਅਯੋਧਿਆ ਕੋਤਵਾਲੀ 'ਚ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਗਿਆ। ਪੁਲਸ ਖੇਤਰ ਅਧਿਕਾਰੀ ਅਯੋਧਿਆ ਰਾਜੇਸ਼ ਰਾਏ ਦਾ ਕਹਿਣਾ ਹੈ ਕਿ ਦੇਰ ਸ਼ਾਮ ਸ਼ਿਕਾਇਤ ਤੋਂ ਬਾਅਦ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  (ਏਜੰਸੀ)