ਹੁਣ ਵਿਰਾਸਤੀ ਗਲੀ ਵਿਚ ਲੱਗੇ ਗੁੰਬਦ ਵੀ ਡਿਗਣੇ ਹੋਏ ਸ਼ੁਰੂ

ਏਜੰਸੀ

ਖ਼ਬਰਾਂ, ਪੰਜਾਬ

ਹੁਣ ਵਿਰਾਸਤੀ ਗਲੀ ਵਿਚ ਲੱਗੇ ਗੁੰਬਦ ਵੀ ਡਿਗਣੇ ਹੋਏ ਸ਼ੁਰੂ

image

ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਸਾਲਾਂ ਵਿਚ ਅੰਮ੍ਰਿਤਸਰ ਵਿਚ ਤਿਆਰ ਕਰਵਾਈ ਗਈ ਸੀ ਵਿਰਾਸਤੀ ਗਲੀ
 

ਅੰਮ੍ਰਿਤਸਰ, 10  ਸਤੰਬਰ (ਪਰਮਿੰਦਰਜੀਤ): ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਸਾਲਾਂ ਵਿਚ ਅੰਮ੍ਰਿਤਸਰ ਵਿਚ ਤਿਆਰ ਕਰਵਾਈ ਗਈ ਵਿਰਾਸਤੀ ਗਲੀ ਤੇ ਲੱਗੇ ਪੱਥਰਾਂ ਦੇ ਖ਼ਰਾਬ ਹੋਣ ਤੇ ਟੁਟ ਜਾਣ ਦੀਆਂ ਖ਼ਬਰਾਂ ਤਾਂ ਚਰਚਾ ਵਿਚ ਸਨ, ਹੁਣ ਵਿਰਾਸਤੀ ਗਲੀ ਵਿਚ ਲੱਗੇ ਗੁੰਬਦ ਵੀ ਡਿਗਣੇ ਸ਼ੁਰੂ ਹੋ ਗਏ ਹਨ। ਸ੍ਰੀ ਦਰਬਾਰ ਸਾਹਿਬ ਦੇ ਐਨ ਨੇੜੇ ਸ਼ਨੀ ਮੰਦਰ ਦੇ ਸਾਹਮਣੇ ਸਥਿਤ ਘੰਟਾਘਰ ਮਾਰਕੀਟ ਦੀ ਛੱਤ 'ਤੇ ਬਣਿਆ ਇਕ ਗੁੰਬਦ ਅਚਾਨਕ ਅਪਣੇ ਆਪ ਡਿੱਗ ਪਿਆ। ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਬਣੀ ਵਿਰਾਸਤੀ ਗਲੀ ਵਿਚ ਸਥਿਤ ਇਸ ਮਾਰਕੀਟ ਵਿਚ 250 ਦੇ ਕਰੀਬ ਦੁਕਾਨਾਂ ਤੇ ਪੁਲਿਸ ਚੌਕੀ ਗਲਿਆਰਾ ਵੀ ਸਥਿਤ ਹੈ।  
ਅੱਜ ਸ਼ਾਮ ਕਰੀਬ 4 ਵਜੇ ਅਚਾਨਕ ਇਹ ਗੁੰਬਦ ਡਿੱਗ ਪੈਣ ਤੋਂ ਬਾਅਦ ਦੁਕਾਨਦਾਰਾਂ ਦੇ ਮਨਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਵਿਰਾਸਤੀ ਗਲੀ ਵਿਚ ਥਾਂ-ਥਾਂ ਬਣੇ ਬਾਕੀ ਗੁੰਬਦਾਂ ਦੇ ਹੇਠੋਂ ਹਰ
ਰੋਜ਼ ਹਜ਼ਾਰਾਂ ਲੋਕ ਲੰਘਦੇ ਹਨ। ਇਸ ਘਟਨਾ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਚਰਚਾ ਚਲ ਪਈ ਕਿ ਵਿਰਾਸਤੀ ਗਲੀ ਵਿਚ ਵਰਤਿਆ ਗਿਆ ਸਮਾਨ ਘਟੀਆ ਮਿਆਰ ਦਾ ਸੀ। ਕਿਹਾ ਜਾਂਦਾ ਹੈ ਕਿ ਵਿਰਾਸਤੀ ਗਲੀ ਵਿਚ ਜੋ ਸਮਾਨ ਵਰਤਿਆ ਗਿਆ ਹੈ ਉਹ ਗ਼ੈਰ ਮਿਆਰੀ ਤੇ ਸਰਕਾਰੀ ਮਾਪਦੰਡ ਪੂਰੇ ਨਹੀਂ ਕਰਦਾ। ਇਸ ਨੂੰ ਲੈ ਕੇ ਵਿਰਾਸਤੀ ਗਲੀ ਦੇ ਨਿਰਮਾਣ ਸਮੇਂ ਵੀ ਰੌਲਾ ਪਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ।
ਅਕਾਲੀ ਸਰਕਾਰ ਨੇ ਇਸ ਵਿਰਾਸਤੀ ਗਲੀ ਦਾ ਨਿਰਮਾਣ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਲਾਭ ਲੈਣ ਲਈ ਕਰਵਾਇਆ ਸੀ ਪਰ ਅਜਿਹਾ ਨਾ ਹੋ ਸਕਿਆ।
 

ਵਿਰਾਸਤੀ ਗਲੀ ਵਿਚ ਟੁਟੇ ਹੋਏ ਗੁੰਬਦ ਨੂੰ ਵੇਖਦੇ ਹੋਏ ਲੋਕ।