ਲੁਧਿਆਣਾ ’ਚ ਭਾਜਪਾ ਵਿਰੁਧ ਯੂਥ ਕਾਂਗਰਸ ਦੇ ਰੋਸ ਮੁਜ਼ਾਹਰੇ ਦੌਰਾਨ ਮਾਹੌਲ ਹੋਇਆ ਤਣਾਅਪੂਰਨ

ਏਜੰਸੀ

ਖ਼ਬਰਾਂ, ਪੰਜਾਬ

ਲੁਧਿਆਣਾ ’ਚ ਭਾਜਪਾ ਵਿਰੁਧ ਯੂਥ ਕਾਂਗਰਸ ਦੇ ਰੋਸ ਮੁਜ਼ਾਹਰੇ ਦੌਰਾਨ ਮਾਹੌਲ ਹੋਇਆ ਤਣਾਅਪੂਰਨ

image

ਭਾਜਪਾ ਨੇ ਲਾਇਆ ਪੱਥਰਬਾਜ਼ੀ ਦਾ ਇਲਜ਼ਾਮ ਤਾਂ ਯੂਥ ਕਾਂਗਰਸ ਅਤੇ ਪੁਲਿਸ ਨੇ ਇਲਜ਼ਾਮਾਂ ਨੂੰ ਕੀਤਾ ਖ਼ਾਰਜ਼

ਲੁਧਿਆਣਾ, 11 ਸਤੰਬਰ (ਪ੍ਰਮੋਦ ਕੌਸ਼ਲ) : ਸਨਿਚਰਵਾਰ ਨੂੰ ਭਾਜਪਾ  ਵਿਰੁਧ ਰੋਸ ਮੁਜ਼ਾਹਰਾ ਕਰਨ ਲਈ ਪਹੁੰਚੇ ਯੂਥ ਕਾਂਗਰਸ ਅਤੇ ਭਾਜਪਾ ਦੇ ਵਰਕਰ ਆਹਮੋ ਸਾਹਮਣੇ ਹੋ ਗਏ। ਪੁਲਿਸ ਦੀ ਕਾਫ਼ੀ ਜੱਦੋ ਜਹਿਦ ਦੇ ਬਾਵਜੂਦ ਯੂਥ ਕਾਂਗਰਸ ਦੇ ਕੁੱਝ ਵਰਕਰ ਬੈਰੀਕੇਟ ਟੱਪ ਕੇ ਅੱਗੇ ਵਧਣ ਵਿਚ ਸਫ਼ਲ ਹੋ ਗਏ ਅਤੇ ਭਾਜਪਾ ਵਿਰੁਧ ਜ਼ਬਰਦਸਤ ਨਾਹਰੇਬਾਜ਼ੀ ਕਰਦੇ ਨਜ਼ਰ ਆਏ ਜਦਕਿ ਭਾਜਪਾ ਦੇ ਵਰਕਰਾਂ ਵਲੋਂ ਵੀ ਮੋਦੀ-ਮੋਦੀ ਦੇ ਨਾਹਰੇ ਲਾ ਕੇ ਯੂਥ ਕਾਂਗਰਸੀਆਂ ਨੂੰ ਜਵਾਬ ਦਿਤਾ ਗਿਆ। ਇਸ ਦਰਮਿਆਨ ਇਲਜ਼ਾਮ ਲੱਗ ਰਹੇ ਹਨ ਕਿ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਭਾਜਪਾ ਦਫ਼ਤਰ ਤੇ ਪੱਥਰਬਾਜ਼ੀ ਕੀਤੀ ਗਈ ਜਿਸ ਕਰ ਕੇ ਭਾਜਪਾ ਦੇ ਇਕ ਵਰਕਰ ਦੀ ਅੱਖ ਤੇ ਬਹੁਤ ਗੰਭੀਰ ਸੱਟ ਵੱਜੀ ਹੈ ਜਿਸਨੂੰ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। 
ਉਧਰ, ਜ਼ਖ਼ਮੀ ਭਾਜਪਾ ਵਰਕਰ ਦਾ ਹਾਲ ਜਾਣਨ ਲਈ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਜਨਰਲ ਸਕੱਤਰ ਰਾਜੇਸ਼ ਬਾਘਾ ਵੀ ਉਚੇਚੇ ਤੌਰ ਤੇ ਲੁਧਿਆਣਾ ਪਹੁੰਚੇ ਜਿਥੇ ਉਨ੍ਹਾਂ ਇਸ ਨੂੰ ਹਮਲਾ ਕਰਾਰ ਦਿੰਦੇ ਹੋਏ ਕਿਹਾ ਕਿ ਪੁਲਿਸ ਦੀ ਕਥਿਤ ਸ਼ਹਿ ਤੇ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਇਹ ਹਮਲਾ ਕੀਤਾ ਗਿਆ ਹੈ। ਉਨ੍ਹਾਂ ਹਮਲਾ ਕਰਨ ਵਾਲਿਆਂ ਵਿਰੁਧ ਕਾਰਵਾਈ ਦੀ ਵੀ ਮੰਗ ਕੀਤੀ ਹੈ। 
ਜ਼ਿਕਰਯੋਗ ਹੈ ਕਿ ਯੂਥ ਕਾਂਗਰਸ ਦੇ ਪ੍ਰਧਾਨ ਯੋਗੇਸ਼ ਹਾਂਡਾ ਦੀ ਅਗਵਾਈ ਹੇਠ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਮਹਿੰਗਾਈ ਦੇ ਮੁੱਦੇ ਤੇ ਭਾਜਪਾ ਦੇ ਲੁਧਿਆਣਾ ਦੇ ਘੰਟਾ ਘਰ ਚੌਂਕ ਸਥਿਤ ਦਫ਼ਤਰ ਦਾ ਘਿਰਾਉ ਕਰਨ ਦਾ ਪ੍ਰੋਗਰਾਮ ਸੀ। ਇਸ ਨੂੰ ਰੋਕਣ ਲਈ ਪੁਲਿਸ ਵਲੋਂ ਬੈਰੀਕੇਡਿੰਗ ਕੀਤੀ ਗਈ ਸੀ ਪਰ ਯੂਥ ਕਾਂਗਰਸ ਦੇ ਵਰਕਰ ਬੈਰੀਕੇਡਿੰਗ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ ਜਿਨ੍ਹਾਂ ਨੂੰ ਰੋਕਣ ਦੀ ਪੁਲਿਸ ਵਲੋਂ ਕੀਤੀ ਜਾ ਰਹੀ ਕੋਸ਼ਿਸ਼ ਦੌਰਾਨ ਯੂਥ ਕਾਂਗਰਸੀਆਂ ਦੀ ਪੁਲਿਸ ਨਾਲ ਧੱਕਾ ਮੁੱਕੀ ਹੋਈ। ਇਸ ਦੌਰਾਨ ਭਾਜਪਾ ਵਰਕਰ ਨਾਹਰੇਬਾਜ਼ੀ ਕਰਨ ਲੱਗੇ ਅਤੇ ਦੋਵਾਂ ਪਾਸਿਉਂ ਇਕ ਦੂਸਰੇ ਦੇ ਵਿਰੋਧ ਅਤੇ ਅਪਣੋ ਅਪਣੇ ਆਗੂਆਂ ਦੇ ਹੱਕ ਵਿਚ ਨਾਹਰੇਬਾਜ਼ੀ ਕੀਤੀ ਜਾਣ ਲੱਗੀ ਅਤੇ ਦੇਖਦੇ ਹੀ ਦੇਖਦੇ ਮਹੌਲ ਗਰਮਾਉਂਦਾ ਗਿਆ। ਇਸ ਸੱਭ ਦੌਰਾਨ ਕਾਂਗਰਸੀਆਂ ਵਲੋਂ ਕੀਤੀ ਗਈ ਪੱਥਰਬਾਜ਼ੀ ਦੌਰਾਨ ਭਾਜਪਾ ਦੇ ਇਕ ਵਰਕਰ ਦੀ ਅੱਖ ਤੇ ਬੁਰੀ ਤਰ੍ਹਾਂ ਸੱਟ ਲੱਗ ਗਈ। ਯੂਥ ਕਾਂਗਰਸ ਮੁਤਾਬਕ ਕਿਸੇ ਨੇ ਕੋਈ ਪੱਥਰ ਨਹੀਂ ਮਾਰਿਆ ਅਤੇ ਉਨ੍ਹਾਂ ਦਾ ਰੋਸ ਪ੍ਰਦਰਸ਼ਨ ਬਹੁਤ ਹੀ ਸ਼ਾਂਤਮਈ ਢੰਗ ਨਾਲ ਕੀਤਾ ਗਿਆ ਹੈ।
ਦੂਜੇ ਪਾਸੇ ਭਾਜਪਾ ਦੇ ਲੁਧਿਆਣਾ ਦੇ ਪ੍ਰਧਾਨ ਪੁਸ਼ਪਿੰਦਰ ਸਿੰਗਲ ਅਤੇ ਪੰਜਾਬ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਇਲਜ਼ਾਮ ਲਾਇਆ ਕਿ ਯੂਥ ਕਾਂਗਰਸੀਆਂ ਵਲੋਂ ਬੀਤੇ ਦਿਨਾਂ ਭਾਜਪਾ ਵਲੋਂ ਇੰਪਰੂਵਮੈਂਟ ਟਰੱਸਟ ਦੇ ਕਥਿਤ ਘੁਟਾਲੇ ਵਿਰੁਧ ਕੀਤੇ ਗਿਆ ਰੋਸ ਮੁਜ਼ਾਹਰਾ ਬਰਦਾਸ਼ਤ ਨਹੀਂ ਹੋਇਆ ਅਤੇ ਉਸੇ ਦਾ ਹੀ ਬਦਲਾ ਲੈਂਦੇ ਹੋਏ ਯੂਥ ਕਾਂਗਰਸ ਨੇ ਹਿੰਸਕ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਗਿਆ ਭਾਜਪਾ ਦੇ ਕੁੱਝ ਹੋਰ ਵਰਕਰ ਵੀ ਜ਼ਖਮੀ ਹੋਏ ਹਨ ਜਦਕਿ ਪੁਲਿਸ ਦੀ ਕਾਰਜਸ਼ੈਲੀ ਤੇ ਵੀ ਉਨ੍ਹਾਂ ਸਵਾਲ ਖੜ੍ਹੇ ਕੀਤੇ ਹਨ।
        ਇਸ ਸਾਰੇ ਮਾਮਲੇ ਤੇ ਏਡੀਸੀਪੀ-ਵਨ ਡਾ.ਪ੍ਰਗਿਆ ਜੈਨ ਨੇ ਕਿਹਾ ਕਿ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਸੀ ਅਤੇ ਪ੍ਰਦਰਸ਼ਨ ਵੀ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੌਰਾਨ ਨਾਂ ਤਾਂ ਕੋਈ ਪੱਥਰ ਚੱਲਿਆ ਅਤੇ ਨਾ ਹੀ ਕੋਈ ਜ਼ਖ਼ਮੀ ਹੀ ਹੋਇਆ। 


Ldh_Parmod_11_1, 11, 12, 13 : Photos