ਵਿਜੀਲੈਂਸ ਵੱਲੋਂ ਪਟਿਆਲਾ ਦੇ ਪਿੰਡ ਹਰਿਆਉ ਖੁਰਦ ਦਾ ਪੰਚਾਇਤ ਸਕੱਤਰ 6,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗ੍ਰਾਮ ਪੰਚਾਇਤ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਨਾਲ ਸਬੰਧਤ ਕੁਝ ਰਿਕਾਰਡ ਦੇਣ ਬਦਲੇ ਰਿਸ਼ਵਤ ਮੰਗਦਾ ਸੀ ਜਰਨੈਲ ਸਿੰਘ

Patiala: Vigilance caught the panchayat secretary red-handed taking a bribe of Rs 6,000

ਪਟਿਆਲਾ - ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਪਿੰਡ ਹਰਿਆਉ ਖੁਰਦ ਜ਼ਿਲ੍ਹਾ ਪਟਿਆਲਾ ਦੇ ਏਪੀਆਈ-ਕਮ-ਪੰਚਾਇਤ ਸਕੱਤਰ ਜਰਨੈਲ ਸਿੰਘ ਨੂੰ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਚਾਇਤ ਵਿਭਾਗ ਦੇ ਮੁਲਾਜ਼ਮ ਜਰਨੈਲ ਸਿੰਘ ਨੂੰ ਅਜੈਬ ਸਿੰਘ ਵਾਸੀ ਪਿੰਡ ਹਰਿਆਉ ਖੁਰਦ, ਬਲਾਕ ਪਾਤੜਾਂ, ਪਟਿਆਲਾ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਪਰੋਕਤ ਪੰਚਾਇਤ ਸਕੱਤਰ ਆਰ.ਟੀ.ਆਈ. ਕਾਨੂੰਨ ਤਹਿਤ ਉਸ ਦੇ ਪਿੰਡ ਵਿੱਚ ਗ੍ਰਾਮ ਪੰਚਾਇਤ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਨਾਲ ਸਬੰਧਤ ਕੁਝ ਰਿਕਾਰਡ ਦੇਣ ਬਦਲੇ ਉਸ ਤੋਂ 6,000 ਰੁਪਏ ਹੋਰ ਮੰਗ ਕਰ ਰਿਹਾ ਹੈ ਜਦਕਿ ਇਸੇ ਮਾਮਲੇ ਵਿੱਚ ਇਹ ਰਿਕਾਰਡ ਦੇਣ ਲਈ ਪਹਿਲਾਂ ਹੀ 4,000 ਰੁਪਏ ਉਸ ਕੋਲੋਂ ਲੈ ਚੁੱਕਾ ਹੈ।

ਸ਼ਿਕਾਇਤਕਰਤਾ ਵੱਲੋਂ ਦਿੱਤੀ ਸੂਚਨਾ ਦੀ ਪੜਤਾਲ ਕਰਨ ਉਪਰੰਤ ਪਟਿਆਲਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਪੰਚਾਇਤ ਸਕੱਤਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।