ਕੇਰਲਾ ਤੋਂ ਪੈਦਲ ਹੱਜ ਯਾਤਰਾ ਕਰਨ ਲਈ ਨਿਕਲਿਆ ਸ਼ਿਹਾਬ ਚੁਤਰ ਪਹੁੰਚਿਆ ਪੰਜਾਬ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਲੇਰਕੋਟਲਾ ਤੋਂ ਗਏ ਮੁਸਲਿਮ ਭਾਈਚਾਰੇ ਤੇ ਸਮੂਹ ਪੰਜਾਬੀਆਂ ਨੇ ਸ਼ਿਹਾਬ ਦਾ ਪੰਜਾਬ-ਰਾਜਸਥਾਨ ਬਾਰਡਰ ਤੇ ਗੁਲਾਬ ਦੇ ਫੁੱਲਾਂ ਨਾਲ ਕੀਤਾ ਸਵਾਗਤ 

Shihab Chutra, who left Kerala to perform Hajj on foot, reached Punjab

ਮਾਲੇਰਕੋਟਲਾ - ਹਿੰਮਤ ਏ ਮਦਦਾ ਮਦਦ ਏ ਖ਼ੁਦਾ ਦੀ ਕਹਾਵਤ ਉਸ ਸਮੇਂ ਸੱਚ ਹੋਈ ਜਦੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਕੇਰਲਾ ਦੇ ਰਹਿਣ ਵਾਲੇ ਸ਼ਿਹਾਬ ਨੂੰ ਨਹੀਂ ਪਤਾ ਸੀ ਕਿ ਉਸ ਦੀ ਇਹ ਯਾਤਰਾ ਪੂਰੀ ਦੁਨੀਆ ਵਿਚ ਇੰਨੀ ਮਸ਼ਹੂਰ ਹੋ ਜਾਵੇਗੀ ਤੇ ਉਸ ਦੇ ਸਵਾਗਤ ਲਈ ਲੋਕਾਂ ਦੀ ਭੀੜ ਵੀ ਇਕੱਟੀ ਹੋਵੇਗੀ। ਸਾਊਦੀ ਅਰਬ ਵਿਖੇ ਅਗਲੇ ਸਾਲ ਪਵਿੱਤਰ ਮੱਕਾ ਮਦੀਨਾ ਵਿਖੇ ਪੈਦਲ ਜਾ ਕੇ ਹੱਜ ਕਰਨ ਵਾਲੇ ਮੁਹੰਮਦ ਸ਼ਿਹਾਬ ਨੇ ਰਾਜਸਥਾਨ ਵਿਚੋਂ ਕੱਲ੍ਹ ਹੀ ਪੰਜਾਬ ਦੀ ਸਰਜ਼ਮੀਨ 'ਤੇ ਪਹੁੰਚ ਕੀਤੀ ਹੈ ਜਿੱਥੇ ਪੰਜਾਬ 'ਚ ਘੱਟ ਗਿਣਤੀ ਵਿਚ ਵਸਦੇ ਮੁਸਲਿਮ ਭਾਈਚਾਰੇ ਤੇ ਸਿੱਖ ਭਾਈਚਾਰੇ ਦੇ ਲੋਕਾਂ ਸਮੇਤ ਹਰ ਧਰਮ ਦੇ ਲੋਕਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਹੈ।

ਭਾਵੇਂ ਕਿ ਆਪਣੇ ਆਪ ਨੂੰ ਉਹ ਭੀੜ ਭੜੱਕੇ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਪੰਜਾਬੀਆਂ ਵੱਲੋਂ ਬਿਨਾਂ ਮਜ਼੍ਹਬੋ ਮਿੱਲਤ ਦਿੱਤਾ ਗਿਆ ਪਿਆਰ ਉਸ ਲਈ ਇਕ ਯਾਦਗਾਰ ਹਬਣ ਗਿਆ। ਨੌਜਵਾਨ ਆਪਣੇ ਨਾਲ ਸਿਰਫ਼ ਇੱਕ ਚਾਦਰ ਅਤੇ ਕੁਝ ਕੈਂਪਿੰਗ ਦਾ ਸਾਮਾਨ ਲੈ ਕੇ ਚੱਲਿਆ ਸੀ ਤਾਂ ਜੋ ਉਹ ਰਸਤੇ ਵਿਚ ਕਿਤੇ ਵੀ ਸੌਂ ਕੇ ਆਪਣੀ ਨੀਂਦ ਪੂਰੀ ਕਰ ਸਕੇ ਪਰ ਹੁਣ ਉਨ੍ਹਾਂ ਨੂੰ ਇਸ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਉਹ ਜਿੱਥੋਂ ਵੀ ਲੰਘਦੇ ਹਨ ਉਨ੍ਹਾਂ ਨੂੰ ਆਪਣੀ ਮਹਿਮਾਨ ਨਿਵਾਜ਼ੀ ਲਈ ਕੋਈ ਨਾ ਕੋਈ ਲੱਭਦਾ ਹੈ।  ਦੱਸਣਾ ਬਣਦਾ ਹੈ ਕਿ ਸ਼ਿਹਾਬ ਇੱਕ ਦਿਨ ਵਿਚ ਕਰੀਬ 25-30 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਹੇ ਹਨ।  ਜੇਕਰ ਉਹ ਇਸੇ ਰਫ਼ਤਾਰ ਨਾਲ ਅੱਗੇ ਵਧਦੇ ਰਹੇ ਤਾਂ ਲਗਭਗ ਫਰਵਰੀ 2023 ਤੱਕ ਮੱਕਾ ਵਿਖੇ ਕਾਬਾ ਪਹੁੰਚ ਜਾਣਗੇ।

ਜ਼ਿਕਰਯੋਗ ਹੈ ਕਿ ਕੇਰਲਾ ਨਿਵਾਸੀ ਸ਼ਿਹਾਬ ਚਤੁਰ ਨੇ ਜੂਨ 2022 ਵਿਚ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਆਪਣੀ ਯਾਤਰਾ ਦੌਰਾਨ ਹੁਣ ਤੱਕ ਉਹ ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ ਤੋਂ ਹੁੰਦੇ ਹੋਏ ਕੇਰਲ, ਰਾਜਸਥਾਨ ਤੋਂ ਕੱਲ੍ਹ ਅਬੋਹਰ ਦੇ ਰਸਤੇ ਪੰਜਾਬ ਪਹੁੰਚੇ ਹਨ ਜਿੱਥੇ ਉਨ੍ਹਾਂ ਦਾ ਬਿਲਾ ਮਜ਼੍ਹਬੋ ਮਿਲਤ ਸਮੂਹ ਪੰਜਾਬੀਆਂ ਨੇ ਗੁਲਾਬ ਦੇ ਫੁੱਲਾਂ ਨਾਲ ਸਵਾਗਤ ਕੀਤਾ। ਉਥੇ ਹੀ ਵਿਸ਼ੇਸ਼ ਤੌਰ 'ਤੇ ਮਲੇਰਕੋਟਲਾ ਤੋਂ ਗਏ ਮੁਸਲਿਮ ਭਾਈਚਾਰੇ ਦੇ ਲੋਕਾਂ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਏਸ਼ੀਆ ਦੀ ਸਭ ਤੋਂ ਖ਼ੂਬਸੂਰਤ ਈਦਗਾਹ ਮਾਲੇਰਕੋਟਲਾ ਦਾ ਚਿੱਤਰ ਭੇਟ ਕਰ ਕੇ  ਸਵਾਗਤ ਕੀਤਾ। ਹੁਣ ਉਹ ਜਿੱਥੇ ਵੀ ਜਾਂਦੇ ਹਨ ਉਨ੍ਹਾਂ ਦੇ ਨਾਲ ਲੋਕਾਂ ਦੀ ਵੱਡੀ ਭੀੜ ਪਹਿਲਾਂ ਹੀ ਉੱਥੇ ਪਹੁੰਚ ਜਾਂਦੀ ਹੈ।

ਇਸੇ ਭੀੜ ਦਾ ਹਿੱਸਾ ਬਣ ਕੇ ਆਏ ਮਾਲੇਰਕੋਟਲਾ ਦੇ ਡਾ. ਮੁਹੰਮਦ ਨਜ਼ੀਰ ਮਲੋਟ ,ਹਾਜੀ ਮੁਹੰਮਦ ਰਫੀਕ, ਮੁਹੰਮਦ ਇਰਸ਼ਾਦ, ਮੁਹੰਮਦ ਪ੍ਰਵੇਜ਼  ਅਤੇ ਮੁਹੰਮਦ ਇਕਬਾਲ ਨੇ ਦੱਸਿਆ ਕਿ ਇਸ ਸਮੇਂ ਸ਼ਿਹਾਬ ਮਲੋਟ ਵਿਚ ਹਨ ਜਿਥੋਂ ਵਾਹਗਾ ਦੀ ਸਰਹੱਦ ਪਾਰ ਕਰਕੇ ਪਾਕਿਸਤਾਨ ਜਾਵੇਗਾ।  ਇਸ ਤੋਂ ਬਾਅਦ ਸ਼ਿਹਾਬ ਕੁਵੈਤ ਅਤੇ ਈਰਾਨ ਤੋਂ ਹੁੰਦੇ ਹੋਏ ਸਾਊਦੀ ਅਰਬ ਜਾਵੇਗਾ, ਇਹ ਸਫ਼ਰ ਭਾਵੇਂ ਕਾਫ਼ੀ ਮੁਸ਼ਕਲ  ਭਰਿਆ ਹੈ ਕਿਉਂਕਿ ਇਸ ਯਾਤਰਾ ਦੇ ਵਿਚਕਾਰ ਉਸ ਨੂੰ ਸਮੁੰਦਰ ਪਾਰ ਕਰਨਾ ਹੋਵੇਗਾ, ਇਹ ਇਕ ਵੱਡਾ ਸਵਾਲ ਬਣਿਆ ਹੋਇਆ ਹੈ ਪਰ ਹਾਸ਼ਮ ਸ਼ਾਹ ਅਨੁਸਾਰ "ਹਾਸ਼ਮ ਫਤਹਿ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ" ਸ਼ਿਹਾਬ ਮੁਤਾਬਕ ਕਰੀਬ 8600 ਕਿਲੋਮੀਟਰ ਦਾ ਇਹ ਸਫ਼ਰ ਉਹ ਫਰਵਰੀ 2023 ਵਿਚ ਪੂਰਾ ਕਰ ਕੇ ਮੱਕਾ ਪਹੁੰਚਕੇ ਹੱਜ ਦੇ ਪਵਿੱਤਰ ਫ਼ਰਜ਼ ਨੂੰ ਅੰਜਾਮ ਦੇਵੇਗਾ।